ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾ ਦੀ ਖ਼ਬਰ
ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਹੇਠ ਲਾਭ ਲੈ ਰਹੇ ਲੱਖਾਂ ਪਰਿਵਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਿਨ੍ਹਾਂ ਲਾਭਪਾਤਰੀਆਂ ਨੇ ਹੁਣ ਤਕ ਆਪਣੀ ਈ-ਕੇਵਾਈਸੀ (e-KYC) ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਨ੍ਹਾਂ ਦੇ ਨਾਮ ਰਾਸ਼ਨ ਲੈਣ ਵਾਲੀ ਸੂਚੀ ਤੋਂ ਕੱਟੇ ਜਾ ਸਕਦੇ ਹਨ। ਸੂਬੇ ਵਿਚ ਕੁੱਲ 1.57 ਕਰੋੜ ਲਾਭਪਾਤਰੀ ਹਨ, ਜਿਨ੍ਹਾਂ ਵਿਚੋਂ 30,28,806 ਲੋਕਾਂ ਦੀ ਈ-ਕੇਵਾਈਸੀ ਅਜੇ ਪੈਂਡਿੰਗ ਹੈ।
ਆਖਰੀ ਮੌਕਾ 30 ਅਪ੍ਰੈਲ ਤੱਕ
ਪਹਿਲਾਂ ਇਹ ਅੰਤਿਮ ਤਾਰੀਖ 31 ਮਾਰਚ ਸੀ, ਪਰ ਹੁਣ ਇਹ 30 ਅਪ੍ਰੈਲ ਤੱਕ ਵਧਾਈ ਗਈ ਹੈ। ਹੁਣ ਸਿਰਫ 22 ਦਿਨ ਬਚੇ ਹਨ ਅਤੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਆਖਰੀ ਮੌਕਾ ਹੋਵੇਗਾ।
ਵਿਭਾਗੀ ਜਾਣਕਾਰੀ ਅਨੁਸਾਰ
ਕਈ ਲਾਭਪਾਤਰੀ ਜਾਂ ਤਾਂ ਵਿਦੇਸ਼ ਵਿਚ ਹਨ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਈ-ਕੇਵਾਈਸੀ ਦੀ ਗਿਣਤੀ ਘੱਟ ਰਹੀ ਹੈ। ਸਰਵੇਖਣ ਪਿਛਲੇ 5 ਮਹੀਨੇ ਤੋਂ ਚੱਲ ਰਿਹਾ ਹੈ ਪਰ ਲੋੜੀਂਦੀ ਪ੍ਰਗਟੀ ਨਹੀਂ ਹੋਈ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀ ਕਿਹਾ
ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਪਹਿਲਾਂ 3 ਲੱਖ ਲਾਭਪਾਤਰੀਆਂ ਦੇ ਕਾਰਡ ਰੱਦ ਕੀਤੇ ਗਏ ਸਨ, ਪਰ ਵੱਡੇ ਪੱਧਰ ‘ਤੇ ਆਈਆਂ ਸ਼ਿਕਾਇਤਾਂ ਤੋਂ ਬਾਅਦ 24 ਜਨਵਰੀ 2024 ਨੂੰ ਇਹ ਕਾਰਡ ਮੁੜ ਬਹਾਲ ਕੀਤੇ ਗਏ। ਹੁਣ ਵਧੇਰੇ ਲਾਭਪਾਤਰੀ ਈ-ਕੇਵਾਈਸੀ ਤੋਂ ਬਿਨਾਂ ਹਨ, ਜਿਨ੍ਹਾਂ ਨੂੰ ਤੁਰੰਤ ਇਹ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਤਾਂ ਜੋ ਉਨ੍ਹਾਂ ਨੂੰ ਸਸਤਾ ਰਾਸ਼ਨ ਮਿਲਣਾ ਜਾਰੀ ਰਹੇ।