ਗੁਰਦਾਸਪੁਰ ‘ਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲਿਆ, ਸਿਹਤ ਵਿਭਾਗ ਵੱਲੋਂ ਹੀਟ ਵੇਵ ਲੈ ਕੇ ਜਾਰੀ ਹੋਈ ਐਡਵਾਈਜ਼ਰੀ
ਗੁਰਦਾਸਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ ਹੈ। ਦਿਨ ਦਾ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 21 ਡਿਗਰੀ ਤੱਕ ਪਹੁੰਚ ਗਿਆ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਲਈ ਅੱਜ ਇਕ ਐਡਵਾਈਜ਼ਰੀ ਜਾਰੀ ਕੀਤੀ।
ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਹੀਟ ਵੇਵ ਦੀ ਸੰਭਾਵਨਾ ਦੇ ਚਲਦੇ ਲੋਕਾਂ ਨੂੰ ਲੂ ਲੱਗਣ ਦੀ ਸੰਭਾਵਨਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ, ਦਿਲ ਜਾਂ ਰਕਤਚਾਪ ਦੀ ਬੀਮਾਰੀ ਵਾਲੇ, ਮੋਟਾਪੇ ਜਾਂ ਮਾਨਸਿਕ ਬੀਮਾਰੀ ਨਾਲ ਪੀੜਤ ਲੋਕ ਖਾਸ ਧਿਆਨ ਰੱਖਣ।
ਕਿਸਾਨ ਵੀ ਚਿੰਤਤ
ਖੇਤਰ ਵਿਚ ਕਣਕ ਦੀ ਫਸਲ ਪੱਕਣ ਦੇ ਅੰਤਿਮ ਪੜਾਅ ’ਤੇ ਹੈ। ਖੇਤਾਂ ਵਿਚ ਸੁਨਹਿਰੀ ਰੰਗ ਦੀ ਕਣਕ ਖਿੜੀ ਹੋਈ ਹੈ ਅਤੇ ਆਉਂਦੇ ਦਿਨਾਂ ‘ਚ ਕੱਟਾਈ ਦੀ ਸ਼ੁਰੂਆਤ ਹੋਣੀ ਹੈ। ਪਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਹਨੇਰੀ ਝੱਖੜ ਦੀ ਚੇਤਾਵਨੀ ਨਾਲ ਕਿਸਾਨ ਪਰੇਸ਼ਾਨ ਹਨ।
ਲੂ ਤੋਂ ਬਚਾਅ ਲਈ ਸਲਾਹਾਂ:
-
ਸਵੇਰ ਜਾਂ ਸ਼ਾਮ ਨੂੰ ਹੀ ਬਾਹਰੀ ਕੰਮ ਕਰੋ।
-
ਵਾਰ-ਵਾਰ ਪਾਣੀ ਪੀਓ, ਭਾਵੇਂ ਪਿਆਸ ਨਾ ਵੀ ਲੱਗੀ ਹੋਵੇ।
-
ਹਲਕੇ ਰੰਗ ਅਤੇ ਸੂਤੀ ਕੱਪੜੇ ਪਹਿਨੋ।
-
ਸਿਰ ਢੱਕਣ ਲਈ ਟੋਪੀ, ਪੱਗ, ਤੌਲੀਆ ਜਾਂ ਛੱਤਰੀ ਵਰਤੋ।
-
ਨੰਗੇ ਪੈਰ ਨਾ ਨਿਕਲੋ, ਹਮੇਸ਼ਾ ਚੱਪਲ ਜਾਂ ਜੁੱਤੇ ਪਾਓ।
-
ਧੁੱਪ ‘ਚ ਕੰਮ ਕਰਨ ਸਮੇਂ ਛਾਂ ਵਿਚ ਆਰਾਮ ਕਰੋ ਜਾਂ ਗਿੱਲਾ ਰੁਮਾਲ ਰੱਖੋ।
-
ਤਰਬੂਜ, ਸੰਤਰਾ, ਅੰਗੂਰ, ਖੀਰਾ, ਟਮਾਟਰ ਵਰਗੇ ਮੌਸਮੀ ਫਲ ਖਾਓ।
-
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਤੋਂ।
-
ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਲਗਾਓ, ਅੱਖਾਂ ਲਈ ਚਸ਼ਮੇ ਪਾਓ।
ਸਿਹਤ ਵਿਭਾਗ ਵੱਲੋਂ ਸਿਹਤ ਮੁਲਾਜ਼ਮਾਂ ਨੂੰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।