Punjab Weather Update: ਮੀਂਹ, ਤੇਜ਼ ਹਵਾਵਾਂ ਅਤੇ ਤਾਪਮਾਨ ਵਿੱਚ ਗਿਰਾਵਟ ਲਈ ਚੇਤਾਵਨੀ ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਨੂੰ ਲੈ ਕੇ Yellow Alert ਜਾਰੀ ਕੀਤਾ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਮੀਂਹ ਪੈ ਚੁੱਕਾ ਹੈ, ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਸੈਲਸੀਅਸ ਘਟ ਗਿਆ ਹੈ। ਹਾਲਾਂਕਿ, ਇਸ ਗਿਰਾਵਟ ਦੇ ਬਾਵਜੂਦ ਤਾਪਮਾਨ ਅਜੇ ਵੀ ਮੌਸਮੀ ਸਧਾਰਨ ਤੋਂ 3.5 ਡਿਗਰੀ ਸੈਲਸੀਅਸ ਉੱਚਾ ਹੈ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਮੌਸਮੀ ਬਦਲਾਅ ਪੱਛਮੀ ਵਿਘਨ (ਵੈਸਟਰਨ ਡਿਸਟਰਬੈਂਸ) ਦੇ ਸਰਗਰਮ ਹੋਣ ਕਾਰਨ ਹੋ ਰਹੇ ਹਨ, ਜਿਸ ਨਾਲ ਬੁੱਧਵਾਰ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਬੱਦਲਾਂ ਨਾਲ ਢੱਕੇ ਰਹੇ।
ਇਨ੍ਹਾਂ ਜ਼ਿਲ੍ਹਿਆਂ ਵਿੱਚ Yellow Alert
Yellow Alert ਖ਼ਾਸ ਤੌਰ ‘ਤੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਹੈ: ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਐਸ.ਏ.ਐਸ. ਨਗਰ, ਸੰਘਰੂਰ, ਪਟਿਆਲਾ, ਮਾਨਸਾ ਅਤੇ ਬਠਿੰਡਾ। ਇਨ੍ਹਾਂ ਖੇਤਰਾਂ ਦੇ ਨਿਵਾਸੀਆਂ ਨੂੰ ਮੀਂਹ ਅਤੇ ਤੇਜ਼ ਹਵਾਵਾਂ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਤਾਪਮਾਨ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ
ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਰਕੇ ਅੱਜ ਤਾਪਮਾਨ ਵਿੱਚ ਹੋਰ ਗਿਰਾਵਟ ਹੋਣ ਦੀ ਉਮੀਦ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਅਗਲੇ ਹਫਤੇ ਤੱਕ ਸੁੱਕੇ ਮੌਸਮ ਦੀ ਸੰਭਾਵਨਾ ਜਤਾਈ ਹੈ, ਜਿਸ ਦੌਰਾਨ ਤਾਪਮਾਨ ਹੌਲੀ-ਹੌਲੀ ਵਧੇਗਾ।