ਵਿਜੀਲੈਂਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲਿਆ ਹਿਰਾਸਤ ‘ਚ, ਨਸ਼ਾ ਮਾਮਲੇ ‘ਚ ਹੋਈ ਛਾਪੇਮਾਰੀ
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸਵੇਰੇ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਘਰ ‘ਚ ਰੇਡ ਮਾਰ ਕੇ ਹਿਰਾਸਤ ਵਿਚ ਲੈ ਲਿਆ।
ਸੂਤਰਾਂ ਅਨੁਸਾਰ, ਵਿਜੀਲੈਂਸ ਦੀ 15 ਅਧਿਕਾਰੀਆਂ ਦੀ ਟੀਮ ਐੱਸ.ਐੱਸ.ਪੀ. ਲਖਬੀਰ ਸਿੰਘ ਦੀ ਅਗਵਾਈ ਹੇਠ ਗ੍ਰੀਨ ਐਵੇਨਿਊ ਸਥਿਤ ਮਜੀਠੀਆ ਦੇ ਨਿਵਾਸ ‘ਤੇ ਪਹੁੰਚੀ ਅਤੇ ਨਸ਼ੇ ਸੰਬੰਧੀ ਮਾਮਲੇ ‘ਚ ਕਾਰਵਾਈ ਕੀਤੀ। ਇਹ ਰੇਡ ਮੋਹਾਲੀ ਵਿਖੇ ਦਰਜ ਇੱਕ ਨਸ਼ਾ ਕੇਸ ਦੇ ਸੰਦਰਭ ‘ਚ ਕੀਤੀ ਗਈ।
ਇੱਕੋ ਸਮੇਂ ਬਿਕਰਮ ਮਜੀਠੀਆ ਨਾਲ ਸੰਬੰਧਤ 15 ਟਿਕਾਣਿਆਂ ‘ਤੇ ਇਕੱਠੀਆਂ ਛਾਪੇਮਾਰੀਆਂ ਹੋਈਆਂ। ਰੇਡ ਦੌਰਾਨ ਮਜੀਠੀਆ ਦੀ ਵਿਜੀਲੈਂਸ ਐੱਸ.ਐੱਸ.ਪੀ. ਨਾਲ ਤਿੱਖੀ ਬਹਿਸ ਵੀ ਹੋਈ। ਵਿਜੀਲੈਂਸ ਅਧਿਕਾਰੀ ਦਾ ਦਾਅਵਾ ਹੈ ਕਿ ਮਜੀਠੀਆ ਨੇ ਕਾਨੂੰਨੀ ਕਾਰਵਾਈ ਵਿਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਵਿਜੀਲੈਂਸ ਵੱਲੋਂ ਅਧਿਕਾਰਕ ਬਿਆਨ ਫਿਲਹਾਲ ਜਾਰੀ ਨਹੀਂ ਕੀਤਾ ਗਿਆ, ਪਰ ਮਜੀਠੀਆ ਨੂੰ ਪੁੱਛਗਿੱਛ ਲਈ ਮੋਹਾਲੀ ਲਿਜਾਇਆ ਗਿਆ ਹੈ।