MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਨਜ਼ਦੀਕੀ ਰਿਸ਼ਤੇਦਾਰਾਂ ‘ਤੇ ਵੀ ਵਿਜੀਲੈਂਸ ਦੀ ਨਜ਼ਰ, ਵਧ ਸਕਦੀ ਹੈ ਕਾਰਵਾਈ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਹਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਵੀ ਸ਼ਿਕੰਜਾ ਕਸਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ, ਵਿਜੀਲੈਂਸ ਬਿਊਰੋ ਨੇ ਜਾਂਚ ਵਿਚ ਇਹ ਪਤਾ ਲਗਾਇਆ ਹੈ ਕਿ ਰਮਨ ਅਰੋੜਾ ਦੇ 3-4 ਪਰਿਵਾਰਕ ਮੈਂਬਰ ਵੀ ਭ੍ਰਿਸ਼ਟਾਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ।
ਜਾਣਕਾਰੀ ਮੁਤਾਬਕ ਵਿਧਾਇਕ ਰਮਨ ਅਰੋੜਾ ਤੋਂ ਤਫ਼ਤੀਸ਼ ਦੀ ਕਾਰਵਾਈ ਜਲਦ ਸ਼ੁਰੂ ਕੀਤੀ ਜਾਵੇਗੀ। ਵਿਜੀਲੈਂਸ ਕੋਲ ਕਾਫੀ ਸਬੂਤ ਹਨ ਕਿ ਰਮਨ ਅਰੋੜਾ ਦੇ ਰਿਸ਼ਤੇਦਾਰ ਅਤੇ ਸਾਥੀ ਕਿਸ ਤਰੀਕੇ ਨਾਲ ਸੌਦੇ ਕਰਵਾਉਣ ਵਿੱਚ ਭੂਮਿਕਾ ਨਿਭਾ ਰਹੇ ਸਨ। ਇਸ ਤੋਂ ਇਲਾਵਾ, ਰਮਨ ਅਰੋੜਾ ਦੇ ਜਲੰਧਰ ਨਗਰ ਨਿਗਮ ਤੋਂ ਬਾਹਰ ਪੁਲਸ ਅਤੇ ਪ੍ਰਸ਼ਾਸਕੀ ਵਿਭਾਗਾਂ ‘ਚ ਵੀ ਪ੍ਰਭਾਵ ਰੱਖਣ ਦੇ ਨਿਸ਼ਾਨ ਮਿਲੇ ਹਨ।
ਇੱਕ ਸੀਨੀਅਰ ਏ.ਸੀ.ਪੀ. ਅਧਿਕਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ ਜੋ ਰਮਨ ਅਰੋੜਾ ਦੇ ਕਾਫੀ ਨਜ਼ਦੀਕ ਸੀ ਅਤੇ ਜਿਸ ਦੀ ਮਦਦ ਨਾਲ ਉਹ ਕਈ ਕੇਸਾਂ ‘ਚ ਦਬਾਅ ਬਣਾਉਂਦਾ ਸੀ।
ਇਸ ਸਾਰੇ ਮਾਮਲੇ ਦੀ ਜਾਂਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਆਦੇਸ਼ ਦਿੱਤਾ ਹੈ ਕਿ ਜਿਸ ਦਾ ਵੀ ਨਾਮ ਜਾਂਚ ਵਿੱਚ ਸਾਹਮਣੇ ਆਏ, ਉਸ ਖ਼ਿਲਾਫ਼ ਬਿਨਾਂ ਕਿਸੇ ਦਬਾਅ ਜਾਂ ਰਿਆਯਤ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।