ਵਿਜੀਲੈਂਸ ਨੇ ਰਿਸ਼ਵਤ ਲੈਂਦੇ ਹੋਏ ਪਟਵਾਰੀ ਨੂੰ ਰੰਗੇ ਹੱਥੀਂ ਫੜਿਆ, ਡਰ ਦੇ ਮਾਰੇ ਨਿਗਲ ਗਿਆ 500-500 ਦੇ ਚਾਰ ਨੋਟ
ਉੱਤਰਾਖੰਡ ਵਿਜੀਲੈਂਸ ਯੂਨਿਟ ਨੇ ਸੋਮਵਾਰ ਨੂੰ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਫੜੇ ਜਾਣ ਦੇ ਡਰ ਕਾਰਨ ਪਟਵਾਰੀ ਨੇ 500 ਰੁਪਏ ਦੇ ਚਾਰ ਨੋਟ ਨਿਗਲ ਲਏ।
ਵਿਜੀਲੈਂਸ ਸੁਪਰਡੈਂਟ ਰਚਿਤਾ ਜੁਆਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਦੇ ਟੋਲ-ਫ੍ਰੀ ਨੰਬਰ 1064 ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਭਰਾਵਾਂ ਨੇ ਡੋਮੀਸਾਈਲ ਅਤੇ ਜਾਤੀ ਸਰਟੀਫਿਕੇਟ ਲਈ ਆਨਲਾਈਨ ਅਰਜ਼ੀ ਦਿੱਤੀ ਸੀ, ਪਰ ਜਾਂਚ ਦੌਰਾਨ ਇਹ ਅਰਜ਼ੀਆਂ ਰੱਦ ਹੋ ਗਈਆਂ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਜਦੋਂ ਪਟਵਾਰੀ ਗੁਲਸ਼ਨ ਹੈਦਰ, ਜੋ ਕਿ ਤਹਿਸੀਲ ਕਲਸੀ ਵਿਖੇ ਤਾਇਨਾਤ ਹੈ, ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਦੋਹਾਂ ਸਰਟੀਫਿਕਟਾਂ ਲਈ 2000 ਰੁਪਏ ਦੀ ਮੰਗ ਕੀਤੀ। ਵਿਜੀਲੈਂਸ ਟੀਮ ਨੇ ਪੂਰੀ ਯੋਜਨਾ ਬੰਨ੍ਹ ਕੇ ਤਹਿਸੀਲ ਦੇ ਨਿੱਜੀ ਕਮਰੇ ਵਿਚੋਂ ਪਟਵਾਰੀ ਨੂੰ 1000 ਰੁਪਏ ਲੈਂਦਿਆਂ ਅਤੇ ਕੁੱਲ 2000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।
ਫੜੇ ਜਾਣ ਵੇਲੇ ਪਟਵਾਰੀ ਨੇ ਸਬੂਤ ਮਿਟਾਉਣ ਦੀ ਨੀਅਤ ਨਾਲ 500 ਰੁਪਏ ਦੇ ਚਾਰ ਨੋਟ ਨਿਗਲ ਲਏ। ਹਾਲਾਂਕਿ ਉਸਦਾ ਅਲਟਰਾਸਾਊਂਡ ਕੀਤਾ ਗਿਆ, ਪਰ ਪੇਟ ‘ਚ ਨੋਟ ਨਹੀਂ ਮਿਲੇ।
ਵਿਜੀਲੈਂਸ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਵਿਜੀਲੈਂਸ ਡਾਇਰੈਕਟਰ ਡਾ. ਵੀ. ਮੁਰੂਗੇਸਨ ਨੇ ਇਸ ਕਾਰਵਾਈ ਲਈ ਟਰੈਪ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।