ਟਰੰਪ ਦਾ ਵੱਡਾ ਐਲਾਨ: ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਨੂੰ ਮਿਲੇਗੀ ਰਿਮਿਟੈਂਸ ਟੈਕਸ ‘ਚ ਰਾਹਤ
ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਵਿਦੇਸ਼ੀਆਂ ਵੱਲੋਂ ਆਪਣੇ ਮੂਲ ਦੇਸ਼ਾਂ ਨੂੰ ਭੇਜੇ ਜਾਂਦੇ ਪੈਸਿਆਂ (ਰਿਮਿਟੈਂਸ) ‘ਤੇ ਲਾਗੂ ਹੋਣ ਵਾਲੇ ਟੈਕਸ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਟਰੰਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲ ਅਨੁਸਾਰ, ਪਹਿਲਾਂ 5% ਐਕਸਾਈਜ਼ ਟੈਕਸ ਲਗਾਇਆ ਜਾਣਾ ਸੀ, ਪਰ ਹੁਣ ਇਹਨੂੰ ਘਟਾ ਕੇ 3.5% ਕਰ ਦਿੱਤਾ ਗਿਆ ਹੈ। ਇਹ ਨਵਾਂ ਟੈਕਸ ਦਰ 1 ਜਨਵਰੀ 2026 ਤੋਂ ਲਾਗੂ ਹੋਵੇਗਾ।
‘ਐਕਸਾਈਜ਼ ਟੈਕਸ ਆਨ ਰੈਮਿਟੈਂਸ ਟ੍ਰਾਂਸਫਰ’ ਨਾਮਕ ਇਹ ਬਿੱਲ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ 215 ਹੱਕ ਵਿੱਚ ਅਤੇ 214 ਵਿਰੋਧ ਵਿੱਚ ਵੋਟਾਂ ਨਾਲ ਬਹੁਤ ਹੀ ਥੋੜ੍ਹੀ ਬਹੁਮਤ ਨਾਲ ਪਾਸ ਹੋਇਆ। ਇਹ ਟੈਕਸ ‘ਵਨ ਬਿਗ ਬਿਊਟੀਫੁੱਲ ਐਕਟ’ ਦੇ ਤਹਿਤ ਲਿਆਂਦਾ ਗਿਆ ਹੈ।
ਇਹ ਟੈਕਸ ਉਨ੍ਹਾਂ ਵਿਦੇਸ਼ੀਆਂ ਉੱਤੇ ਲਾਗੂ ਹੋਵੇਗਾ ਜੋ ਅਮਰੀਕਾ ਵਿੱਚ ਕੰਮ ਕਰਦੇ, ਪੜ੍ਹਦੇ ਜਾਂ ਕਾਰੋਬਾਰ ਕਰਦੇ ਹੋਏ ਆਪਣੇ ਦੇਸ਼ਾਂ ਨੂੰ ਪੈਸੇ ਭੇਜਦੇ ਹਨ। ਮੂਲ ਤੌਰ ‘ਤੇ ਇਹ ਰਕਮ ਬੈਂਕਾਂ ਅਤੇ ਮਨੀ ਟ੍ਰਾਂਸਫਰ ਕੰਪਨੀਆਂ ਰਾਹੀਂ ਭੇਜੀ ਜਾਂਦੀ ਹੈ, ਜਿਹੜੀਆਂ ਇਹ ਟੈਕਸ ਇਕੱਠਾ ਕਰਕੇ ਸਰਕਾਰ ਨੂੰ ਭੇਜਣਗੀਆਂ।
ਅਮਰੀਕਾ ਵਿੱਚ ਲਗਭਗ 4.46 ਮਿਲੀਅਨ ਭਾਰਤੀ ਨਿਵਾਸ ਕਰਦੇ ਹਨ, ਜਿਨ੍ਹਾਂ ਵਿੱਚੋਂ ਕਈ ਆਪਣੇ ਪਰਿਵਾਰ, ਮਾਪਿਆਂ ਅਤੇ ਰਿਸ਼ਤੇਦਾਰਾਂ ਲਈ ਭਾਰਤ ਵਿੱਚ ਰਕਮ ਭੇਜਦੇ ਹਨ। ਇਹ ਟੈਕਸ ਦਰ ਘਟਾਏ ਜਾਣ ਕਾਰਨ ਉਨ੍ਹਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ।