ਅਮਰੀਕਾ ’ਚ ਇਮੀਗ੍ਰੇਸ਼ਨ ’ਤੇ ਟਰੰਪ ਨੇ ਕੱਸਿਆ ਸ਼ਿਕੰਜਾ, ਮੈਕਸੀਕੋ ਬਾਰਡਰ ਸੀਲ ਹੋਵੇਗਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਇਮੀਗ੍ਰੇਸ਼ਨ ਸਬੰਧੀ ਕਈ ਸਖ਼ਤ ਹੁਕਮ ਜਾਰੀ ਕੀਤੇ ਹਨ। ਟਰੰਪ ਨੇ ਦੇਸ਼ ਦੀਆਂ ਸਰਹੱਦਾਂ ਨੂੰ ਪ੍ਰਵਾਸੀਆਂ ਲਈ ਮੁਕੰਮਲ ਤੌਰ ’ਤੇ ਸੀਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਅਮਰੀਕਾ ਵਿਚ ਰਹਿ ਰਹੇ ਵਿਦੇਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਨਿਕਾਲਿਆ ਜਾਵੇਗਾ।
‘ਰਿਮੇਨ ਇਨ ਮੈਕਸੀਕੋ’ ਨੀਤੀ ਮੁੜ ਲਾਗੂ
ਟਰੰਪ ਨੇ ਮੈਕਸੀਕੋ ਬਾਰਡਰ ’ਤੇ ਸਖ਼ਤੀ ਲਈ ਆਪਣੀ ਪਹਿਲੇ ਕਾਰਜਕਾਲ ਦੀ ਨੀਤੀ ‘ਰਿਮੇਨ ਇਨ ਮੈਕਸੀਕੋ’ ਨੂੰ ਮੁੜ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਇਮੀਗ੍ਰੇਸ਼ਨ ਕੇਸ ਦੇ ਫੈਸਲੇ ਤੱਕ ਪ੍ਰਵਾਸੀਆਂ ਨੂੰ ਮੈਕਸੀਕੋ ਵਿਚ ਹੀ ਇੰਤਜ਼ਾਰ ਕਰਨਾ ਪਵੇਗਾ। ਇਸ ਨੀਤੀ ਨੂੰ ਕਾਇਮ ਕਰਨ ਲਈ ਟਰੰਪ ਨੂੰ ਮੈਕਸੀਕੋ ਦੇ ਸਹਿਯੋਗ ਦੀ ਜ਼ਰੂਰਤ ਹੋਵੇਗੀ।
ਪਨਾਹ ਪ੍ਰੋਗਰਾਮ ਬੰਦ, ਪ੍ਰਵਾਸੀਆਂ ਦੇ ਦਾਖਲੇ ‘ਤੇ ਅਸਰ
ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀਆਂ ਲਈ ‘ਸੀ. ਬੀ. ਪੀ. ਵਨ’ ਐਪ ਰਾਹੀਂ ਮਿਲ ਰਹੀਆਂ ਨਿਯੁਕਤੀਆਂ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਲਗਭਗ 30,000 ਪ੍ਰਵਾਸੀਆਂ ਲਈ ਅਮਰੀਕਾ ਵਿਚ ਦਾਖਲ ਹੋਣਾ ਮੁਸ਼ਕਲ ਬਣ ਗਿਆ ਹੈ।
ਨਾਜਾਇਜ਼ ਦਾਖਲੇ ’ਤੇ ਰੋਕ
ਟਰੰਪ ਨੇ ਨਾਜਾਇਜ਼ ਤੌਰ ’ਤੇ ਸਰਹੱਦ ਪਾਰ ਕਰਨ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਸਾਰੇ ਅਪਰਾਧੀ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਹੈ।