ਇਸ ਜਿਲ੍ਹੇ ‘ਚ ਰੋਜ਼ਾਨਾ ਹੋਵੇਗਾ ਬਲੈਕਆਊਟ, ਰਾਤ 9 ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਹੁਕਮ
ਭਾਰਤ-ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਅਤੇ “ਆਪ੍ਰੇਸ਼ਨ ਸਿੰਦੂਰ” ਦੀ ਪੇਸ਼ਕਦਮੀ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ‘ਚ ਰੋਜ਼ਾਨਾ ਰਾਤ ਨੂੰ ਬਲੈਕਆਊਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਹਰਜਿੰਦਰ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜ਼ਿਲ੍ਹੇ ਅੰਦਰ ਕੋਈ ਵੀ ਬਾਹਰੀ ਰੋਸ਼ਨੀ ਨਹੀਂ ਹੋਣੀ ਚਾਹੀਦੀ। ਇਹ ਕਦਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸੰਵੇਦਨਸ਼ੀਲ ਸਰਹੱਦੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਕੇਂਦਰੀ ਜੇਲ੍ਹ ਤੇ ਹਸਪਤਾਲਾਂ ਨੂੰ ਅਸਤੱਥੀ, ਪਰ ਖਿੜਕੀਆਂ ਰੱਖਣੀਆਂ ਹੋਣਗੀਆਂ ਬੰਦ
ਡਾ. ਬੇਦੀ ਨੇ ਸਾਫ਼ ਕੀਤਾ ਕਿ ਇਹ ਹੁਕਮ ਕੇਂਦਰੀ ਜੇਲ੍ਹ, ਹਸਪਤਾਲਾਂ ਜਾਂ ਐਮਰਜੈਂਸੀ ਸੇਵਾਵਾਂ ‘ਤੇ ਲਾਗੂ ਨਹੀਂ ਹੋਣਗੇ, ਪਰ ਇਨ੍ਹਾਂ ਇਮਾਰਤਾਂ ਦੀਆਂ ਖਿੜਕੀਆਂ ਰਾਤ ਦੇ ਸਮੇਂ ਬੰਦ ਰੱਖਣੀਆਂ ਹੋਣਗੀਆਂ ਤਾਂ ਜੋ ਕੋਈ ਵੀ ਰੋਸ਼ਨੀ ਦੀ ਕਿਰਨ ਬਾਹਰ ਨਾ ਜਾਵੇ।
ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਬਲੈਕਆਊਟ
ਇਹ ਬਲੈਕਆਊਟ ਹੁਕਮ 7 ਮਈ 2025 ਤੋਂ ਤੁਰੰਤ ਲਾਗੂ ਹੋ ਚੁੱਕੇ ਹਨ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਕਦਮ ਜ਼ਿਲ੍ਹੇ ਦੀ ਸੁਰੱਖਿਆ ਅਤੇ ਰਾਸ਼ਟਰ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ।