ਸ਼ੋਅ ਦੀ ਟਿਕਟ ਨਾ ਮਿਲਣ ‘ਤੇ ਮਹਿਲਾ ਨੇ ਦਿਲਜੀਤ ਦੋਸਾਂਝ ਨੂੰ ਭੇਜਿਆ ਕਾਨੂੰਨੀ ਨੋਟਿਸ
ਦਿਲਜੀਤ ਦੋਸਾਂਝ ਦੀ ਲੋਕਪ੍ਰਿਯਤਾ ਬੇਹੱਦ ਵਧ ਰਹੀ ਹੈ, ਅਤੇ ਉਹ ਆਪਣੇ ਭਾਰਤੀ ਟੂਰ ‘ਦਿਲ-ਲੁਮਿਨਾਟੀ’ ਤਹਿਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸ਼ੋਅ ਕਰਨਗੇ। 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਉਨ੍ਹਾਂ ਦਾ ਲਾਈਵ ਕੰਸਰਟ ਹੋਣਾ ਹੈ, ਜਿਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਇਸ ਕੰਸਰਟ ਦੇ ਨਾਲ ਹੀ ਟਿਕਟਾਂ ਦੀਆਂ ਕੀਮਤਾਂ ਵਿੱਚ ਕਥਿਤ ਹੇਰਾਫੇਰੀ ਕਾਰਨ, ਇੱਕ ਮਹਿਲਾ ਪ੍ਰਸ਼ੰਸਕ ਨੇ ਦਿਲਜੀਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪ੍ਰਸ਼ੰਸਕ, ਜਿਸਦਾ ਨਾਮ ਰਿਧੀਮਾ ਕਪੂਰ ਹੈ ਅਤੇ ਜੋ ਦਿੱਲੀ ਵਿੱਚ ਰਹਿੰਦੀ ਹੈ, ਸ਼ੋਅ ਦੇ ਪ੍ਰਬੰਧਕਾਂ ‘ਤੇ ਟਿਕਟਾਂ ਦੀਆਂ ਕੀਮਤਾਂ ‘ਚ ਧੋਖਾਧੜੀ ਕਰਨ ਅਤੇ ਗਾਹਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਹੀ ਹੈ।
ਰਿਧੀਮਾ ਨੇ ਦੱਸਿਆ ਕਿ ਉਸਨੇ ਅਰਲੀ-ਬਰਡ ਪਾਸ ਦੇ ਲਾਭ ਲਈ ਐੱਚ.ਡੀ.ਐੱਫ.ਸੀ. ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕੀਤਾ, ਪਰ ਪੈਸੇ ਕੱਟਣ ਦੇ ਬਾਵਜੂਦ ਟਿਕਟ ਨਹੀਂ ਮਿਲੀ। ਹਾਲਾਂਕਿ ਉਸਦੀ ਅਦਾਇਗੀ ਬਾਅਦ ਵਿੱਚ ਵਾਪਸ ਕਰ ਦਿੱਤੀ ਗਈ।
ਇਸ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਲੋਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਚੇਤਾਵਨੀ ਜਾਰੀ ਕੀਤੀ ਹੈ, ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ ‘ਚ ਲੋਕਾਂ ਨੂੰ ਨਕਲੀ ਲਿੰਕਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।