ਬਜਟ ’ਚ ਪੰਜਾਬ ਪ੍ਰਤੀ ਕੇਂਦਰ ਦੀ ਨਫਰਤ ਸਾਹਮਣੇ ਆਈ: ਹਰਪਾਲ ਸਿੰਘ ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਦੀ ਤਿੱਖੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਜਾਣ-ਬੁਝ ਕੇ ਪੰਜਾਬ ਦੀ ਅਣਦੇਖੀ ਕੀਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਚੀਮਾ ਨੇ ਕਿਹਾ ਕਿ ਪਹਿਲਾਂ ਹੀ ਪ੍ਰੀ-ਬਜਟ ਮੀਟਿੰਗਾਂ ਵਿੱਚ ਰੱਖੀਆਂ ਗਈਆਂ ਪੰਜਾਬ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਭਾਜਪਾ ਸਰਕਾਰ ਉਤੇ ਪੰਜਾਬ ਪ੍ਰਤੀ ਨਫਰਤ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ, “ਇਹ ਬਜਟ ਇੱਕ ਵਾਰ ਫਿਰ ਕੇਂਦਰ ਦੀ ਪੰਜਾਬ ਪ੍ਰਤੀ ਨਫਰਤ ਨੂੰ ਸਾਹਮਣੇ ਲਿਆਉਂਦਾ ਹੈ।”
ਚੀਮਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਲਈ ਕਿਸੇ ਵੀ ਖ਼ਾਸ ਪੈਕੇਜ ਦੀ ਘੋਸ਼ਣਾ ਨਹੀਂ ਕੀਤੀ ਗਈ ਅਤੇ ਕਿਸਾਨੀ ਨਾਲ ਜੁੜੇ ਮਸਲਿਆਂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜ ਜ਼ਿਲ੍ਹਿਆਂ ਵਿੱਚ ਉਦਯੋਗੀਕਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ, ਪਰ ਕੇਂਦਰ ਨੇ ਉਸ ’ਤੇ ਕੋਈ ਧਿਆਨ ਨਹੀਂ ਦਿੱਤਾ।
ਚੀਮਾ ਨੇ ਕੇਂਦਰ ਸਰਕਾਰ ਦੀ ਪੱਖਪਾਤ ਭਰੀ ਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਬਜਟ ਸਪੀਚ ਦੌਰਾਨ ਇੱਕ ਵਾਰ ਵੀ ਪੰਜਾਬ ਦਾ ਨਾਂ ਨਹੀਂ ਲਿਆ ਗਿਆ। ਕਿਸਾਨਾਂ ਦੀ ਕਰੈਡਿਟ ਲਿਮਟ ਵਧਾਉਣ ਦੀ ਗੱਲ ਕੀਤੀ ਗਈ, ਪਰ ਉਨ੍ਹਾਂ ਦੀ ਆਮਦਨ ਵਧਾਉਣ ਲਈ ਕੋਈ ਉਪਾਵ ਨਹੀਂ ਦੱਸਿਆ ਗਿਆ।
ਉਨ੍ਹਾਂ ਆਖਰੀ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਇੱਕ ਵਾਰ ਫਿਰ ਪੰਜਾਬ ਪ੍ਰਤੀ ਆਪਣੀ ਅਣਦੇਖੀ ਅਤੇ ਪੱਖਪਾਤ ਵਾਲਾ ਰਵੱਈਆ ਦਰਸਾਇਆ ਹੈ।