ਪੰਜਾਬ ‘ਚ 13 ਥਾਵਾਂ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੁਲਸ ਅਲਰਟ ‘ਤੇ, 8 VIP ਨਿਸ਼ਾਨੇ ‘ਤੇ
ਪੰਜਾਬ ਵਿਚ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ 13 ਜਗ੍ਹਿਆਂ ਅਤੇ 8 VIP ਵਿਅਕਤੀਆਂ ਨੂੰ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੋਂ ਖ਼ਤਰਾ ਹੈ। ਖ਼ਦਸ਼ਾ ਹੈ ਕਿ ਅੱਤਵਾਦੀ ਸਮਾਗਮ ਦੌਰਾਨ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਸੂਬੇ ਵਿਚ ਸੁਰੱਖਿਆ ਸਖ਼ਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਟੇਟ ਇੰਟੈਲੀਜੈਂਸ ਨੂੰ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸਮੇਤ ਵੱਡੇ ਸ਼ਹਿਰਾਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਕੇ ਹੋਰ ਪੱਕੇ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
VIP ਸੁਰੱਖਿਆ ਤੇ ਖ਼ਾਸ ਧਿਆਨ
ਖ਼ਦਸ਼ੇ ਵਾਲੀ ਸੂਚੀ ਵਿਚ ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸੰਧਵਾਂ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਮੁੱਖ ਵਿਅਕਤੀਆਂ ਸ਼ਾਮਲ ਹਨ। ਇਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕਰਕੇ ਜ਼ਰੂਰਤ ਪੈਂਦੀ ਹੈ ਤਾਂ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੁਰੱਖਿਆ ਪ੍ਰਬੰਧ
ਗਣਤੰਤਰ ਦਿਵਸ ਮੌਕੇ 18 ਹਜ਼ਾਰ ਪੁਲਸ ਅਧਿਕਾਰੀ ਅਤੇ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਮਾਂਡੋ, ਸਵੈਟ ਟੀਮਾਂ, ਅਤੇ IRB ਬਟਾਲੀਅਨਾਂ ਨੂੰ ਵੀ ਮੁੱਖ ਸਮਾਗਮਾਂ ਅਤੇ VIP ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।
ਸਰਹੱਦੀ ਇਲਾਕਿਆਂ ‘ਤੇ ਵਿਸ਼ੇਸ਼ ਨਜ਼ਰ
ਪੁਲਸ ਦੇ 424 ਥਾਣਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸਰਹੱਦੀ ਇਲਾਕਿਆਂ ਵਿਚ ਸੈਕਿੰਡ ਲਾਈਨ ਪੁਲਸ ਅਤੇ ਬੀਐੱਸਐੱਫ ਨਾਲ ਮਿਲ ਕੇ ਪੈਟਰੋਲਿੰਗ ਦੇ ਹੁਕਮ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਕੋਈ ਕਮਜ਼ੋਰੀ ਨਹੀਂ ਛੋਡੀ ਜਾਵੇਗੀ।