ਪੰਜਾਬ ‘ਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁੜ ਮਿਲੇ ਰਜਿਸਟ੍ਰੇਸ਼ਨ ਅਧਿਕਾਰ, ਅੱਜ ਤੋਂ ਕਰ ਰਹੇ ਕੰਮ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਾਰਾਂ ਨੂੰ ਰਜਿਸਟ੍ਰੇਸ਼ਨ ਦੇ ਅਧਿਕਾਰ ਮੁੜ ਸੌਂਪ ਦਿੱਤੇ ਗਏ ਹਨ। ਅੱਜ ਤੋਂ ਇਹ ਅਧਿਕਾਰੀ ਆਪਣੇ-ਆਪਣੇ ਦਫਤਰਾਂ ‘ਚ ਰਜਿਸਟਰੀਆਂ ਦੀ ਕਾਰਵਾਈ ਦੁਬਾਰਾ ਸ਼ੁਰੂ ਕਰ ਚੁੱਕੇ ਹਨ।
ਯਾਦ ਰਹੇ ਕਿ ਹਾਲ ਹੀ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਅਧਿਕਾਰ ਵਾਪਸ ਲੈ ਲਏ ਗਏ ਸਨ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ ਤਲਬੀ ਹਦਾਇਤਾਂ ਜਾਰੀ ਕਰਦਿਆਂ ਰਜਿਸਟਰੀਆਂ ਦੀ ਡਿਊਟੀ ਮਾਲ ਵਿਭਾਗ ਦੇ ਕਾਨੂੰਨਗੋਆਂ ਨੂੰ ਸੌਂਪ ਦਿੱਤੀ ਸੀ।
ਇਸ ਤਰ੍ਹਾਂ, ਤਿੰਨ ਹਫ਼ਤਿਆਂ ਤੱਕ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਿਰਫ਼ ਇੰਤਕਾਲ ਦੀ ਮਨਜ਼ੂਰੀ ਵਾਲਾ ਕੰਮ ਕਰ ਰਹੇ ਸਨ, ਜੋ ਉਨ੍ਹਾਂ ਨੂੰ ਸਿਰਫ਼ ਹਫ਼ਤਾ ਪਹਿਲਾਂ ਹੀ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਮਾਲ ਅਫ਼ਸਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਲੈ ਕੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ 15 ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ। ਹਾਲਾਂਕਿ ਹੁਣ ਸਰਕਾਰ ਵੱਲੋਂ ਅਧਿਕਾਰ ਮੁੜ ਦਿੱਤੇ ਜਾਣ ਨਾਲ ਮਾਲਖਾਤਾਂ ਅਤੇ ਰਜਿਸਟਰੀਆਂ ਦੀ ਪ੍ਰਕਿਰਿਆ ਸਧਾਰਨ ਹੋਣ ਦੀ ਉਮੀਦ ਹੈ।