Success Story: IAS ਬਣਨ ਦੇ ਸੁਪਨੇ ਨੂੰ ਛੱਡ ਕੇ ਖੋਲ੍ਹੀ ਚਾਹ ਦੀ ਦੁਕਾਨ, ਅੱਜ ਬਣੀ 150 ਕਰੋੜ ਦੀ ਕੰਪਨੀ
ਅਸਲ ਕਾਮਯਾਬੀ ਉਹੀ ਹੁੰਦੀ ਹੈ ਜੋ ਅਸਫਲਤਾਵਾਂ ਤੋਂ ਪੈਦਾ ਹੋਵੇ। ਇੰਝੀ ਕੁਝ ਕਹਾਣੀ ਹੈ ਮੱਧ ਪ੍ਰਦੇਸ਼ ਦੇ ਅਨੁਭਵ ਦੂਬੇ ਦੀ, ਜਿਸ ਨੇ IAS ਬਣਨ ਦਾ ਸੁਪਨਾ ਛੱਡ ਕੇ ਇੱਕ ਛੋਟਾ ਜਿਹਾ ਚਾਹ ਦਾ ਸਟਾਲ ਖੋਲ੍ਹਿਆ, ਅਤੇ ਅੱਜ ਉਸ ਦੀ ਕੰਪਨੀ ਚਾਏ ਸੁੱਟਾ ਬਾਰ (Chai Sutta Bar) ਦਾ ਟਰਨਓਵਰ 150 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਅਨੁਭਵ ਦਾ ਜਨਮ ਰੀਵਾ, ਮੱਧ ਪ੍ਰਦੇਸ਼ ਵਿੱਚ ਹੋਇਆ। ਪਿਤਾ ਚਾਹੁੰਦੇ ਸਨ ਕਿ ਪੁੱਤਰ IAS ਅਧਿਕਾਰੀ ਬਣੇ। B.Com ਤੋਂ ਬਾਅਦ ਉਨ੍ਹਾਂ ਨੂੰ UPSC ਦੀ ਤਿਆਰੀ ਲਈ ਦਿੱਲੀ ਭੇਜਿਆ ਗਿਆ। ਪਰ ਤਕਦੀਰ ਨੇ ਕੁਝ ਹੋਰ ਹੀ ਸੋਚਿਆ ਸੀ। IAS ਦੀ ਤਿਆਰੀ ਦੌਰਾਨ ਅਨੁਭਵ ਨੇ ਆਪਣੇ ਦੋਸਤ ਆਨੰਦ ਨਾਇਕ ਨਾਲ ਮਿਲ ਕੇ ਇਕ ਵੱਖਰਾ ਰਾਹ ਚੁਣਿਆ। ਦੋਵਾਂ ਨੇ ਸਿਰਫ਼ 3 ਲੱਖ ਰੁਪਏ ਨਾਲ 2016 ਵਿੱਚ ਭੰਵਰਕੁਆਨ, ਇੰਦੌਰ ਵਿੱਚ ਚਾਹ ਦੀ ਛੋਟੀ ਦੁਕਾਨ ਖੋਲ੍ਹੀ।
ਦੁਕਾਨ ਦੀ ਸਜਾਵਟ ਆਪਣੇ ਹੱਥੀਂ ਕੀਤੀ, ਪੁਰਾਣਾ ਫਰਨੀਚਰ ਵਰਤਿਆ, ਅਤੇ ਲੱਕੜ ਦੀ ਤਖਤੀ ‘ਤੇ “ਚਾਏ ਸੁੱਟਾ ਬਾਰ” ਲਿਖਿਆ। ਭਾਵੇਂ ‘ਸੁੱਟਾ’ ਸ਼ਬਦ ਨਾਮ ਵਿੱਚ ਸੀ, ਪਰ ਇੱਥੇ ਨਾ ਬੀੜੀ ਮਿਲਦੀ ਸੀ ਨਾ ਸਿਗਰਟ–ਸਿਰਫ਼ ਚਾਹ।
ਵਿਲੱਖਣ ਚਾਹ ਅਤੇ ਪੇਂਡੂ ਟਚ
ਉਨ੍ਹਾਂ ਨੇ ਮਿੱਟੀ ਦੇ ਕੱਪਾਂ ਵਿੱਚ ਚਾਹ ਪਰੋਸਣੀ ਸ਼ੁਰੂ ਕੀਤੀ, ਜਿਸ ਨਾਲ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲਿਆ। ਵਿਲੱਖਣ ਸੁਆਦਾਂ–ਚਾਕਲੇਟ, ਗੁਲਾਬ, ਤੁਲਸੀ, ਪਾਨ ਤੋਂ ਲੈ ਕੇ ਰਵਾਇਤੀ ਅਦਰਕ, ਮਸਾਲਾ, ਇਲਾਇਚੀ ਚਾਹ ਤੱਕ–ਦੁਕਾਨ ਨੂੰ ਲੋਕਪ੍ਰਿਯਤਾ ਮਿਲਣੀ ਲੱਗੀ। ਨਾਲ ਹੀ ਮੈਗੀ, ਬਰਗਰ, ਪਾਸਤਾ ਵਰਗਾ ਫਾਸਟ ਫੂਡ ਵੀ ਮਿਲਣ ਲੱਗਾ।
ਵੱਡਾ ਐਮਪਾਇਰ ਬਣ ਗਿਆ
ਅੱਜ ਚਾਏ ਸੁੱਟਾ ਬਾਰ ਦੇਸ਼ ਦੇ 195 ਸ਼ਹਿਰਾਂ ਵਿੱਚ 400 ਤੋਂ ਵੱਧ ਆਊਟਲੈੱਟ ਚਲਾ ਰਿਹਾ ਹੈ। ਦੁਬਈ, ਕੈਨੇਡਾ, ਓਮਾਨ, ਯੂਕੇ ਅਤੇ ਨੇਪਾਲ ਵਿੱਚ ਵੀ ਉਸ ਦੀਆਂ ਦੁਕਾਨਾਂ ਹਨ। ਹਰ ਰੋਜ਼ 80,000 ਤੋਂ ਵੱਧ ਚਾਹ ਦੇ ਕੱਪ ਵੇਚੇ ਜਾਂਦੇ ਹਨ।
ਸਮਾਜਿਕ ਜ਼ਿੰਮੇਵਾਰੀ ਅਤੇ ਨੌਕਰੀਆਂ
ਉਨ੍ਹਾਂ ਨੇ 1500 ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ, ਜਿਸ ਵਿੱਚ ਇੰਜੀਨੀਅਰ, ਐਮਬੀਏ ਅਤੇ ਪਿੱਛੜੇ ਵਰਗਾਂ ਦੇ ਲੋਕ ਵੀ ਸ਼ਾਮਲ ਹਨ। ਮਹਿਲਾ ਕਰਮਚਾਰੀਆਂ ਲਈ ਮਾਹਵਾਰੀ ਛੁੱਟੀ ਦੀ ਪਹਿਲ ਵੀ ਕੀਤੀ ਗਈ।
ਕੋਵਿਡ ਸਮੇਂ ਹੌਂਸਲਾ ਨਾ ਹਾਰਿਆ
ਕੋਵਿਡ ਦੌਰਾਨ 3 ਕਰੋੜ ਰੁਪਏ ਦਾ ਨੁਕਸਾਨ ਹੋਇਆ। ਫਿਰ ਵੀ, ਉਨ੍ਹਾਂ ਨੇ ਪੁਲਿਸ ਅਤੇ ਹੈਲਥ ਵਰਕਰਾਂ ਨੂੰ ਮੁਫ਼ਤ ਚਾਹ ਦਿੱਤੀ, ਅਤੇ ਦੁਕਾਨਾਂ ਬੰਦ ਹੋਣ ਦੇ ਬਾਵਜੂਦ, ਹੌਸਲਾ ਕਾਇਮ ਰੱਖਿਆ।
ਨਾਮ ਕਾਰਨ ਆਈ ਮੁਸ਼ਕਲਾਂ
‘ਸੁੱਟਾ’ ਸ਼ਬਦ ਕਾਰਨ ਨਾਰਕੋਟਿਕਸ ਵਿਭਾਗ ਨੇ ਉਸਦੇ ਆਫਿਸ ‘ਤੇ ਦੋ ਵਾਰ ਛਾਪੇ ਮਾਰੇ, ਪਰ ਹਰ ਵਾਰੀ ਉਸ ਨੂੰ ਕਲੀਨ ਚਿੱਟ ਮਿਲੀ।
ਅੱਜ ਇੱਕ ਆਈਕਨ
ਅਨੁਭਵ ਦੂਬੇ ਅੱਜ 10 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਅਤੇ ਹੋਰ ਸਟਾਰਟਅੱਪਸ–ਕੈਫੀ-ਲਾ, ਮਾਟੀਆ ਅਤੇ ਟੈਕ ਮਾਸਟਰ ਗੋਗੋ– ਨਾਲ ਵੀ ਜੁੜੇ ਹੋਏ ਹਨ। ਉਹ ਕਹਿੰਦੇ ਹਨ, “ਮੈਨੂੰ 9-5 ਨੌਕਰੀ ਵਾਲੀਆਂ ਟੀਮਾਂ ਨਹੀਂ, ਜਨੂੰਨ ਨਾਲ ਭਰਪੂਰ ਟੀਮ ਚਾਹੀਦੀ ਹੈ।”
ਉਨ੍ਹਾਂ ਦੀ ਕਹਾਣੀ ਦਰਸਾਉਂਦੀ ਹੈ ਕਿ ਜੇ ਇਰਾਦੇ ਪੱਕੇ ਹੋਣ, ਤਾਂ ਕਿਸੇ ਵੀ ਰਾਹ ਤੋਂ ਕਾਮਯਾਬੀ ਦੀ ਮਨਜ਼ਿਲ ਤੈਅ ਕੀਤੀ ਜਾ ਸਕਦੀ ਹੈ।