ਕੰਟਰੋਲ ਰੇਖਾ ‘ਤੇ ਸਥਿਤੀ ਆਮ, ਭਾਰਤੀ ਫ਼ੌਜ ਨੇ ਦਿੱਤਾ ਵੱਡਾ ਬਿਆਨ
ਜੰਮੂ-ਕਸ਼ਮੀਰ ਅਤੇ ਕੰਟਰੋਲ ਰੇਖਾ ‘ਤੇ ਹਾਲਾਤ ਹੁਣ ਆਮ ਦਿਸ ਰਹੇ ਹਨ। ਭਾਰਤੀ ਫ਼ੌਜ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਬਿਆਨ ਮੁਤਾਬਕ 10 ਮਈ ਨੂੰ ਜੰਗਬੰਦੀ ਦੇ ਐਲਾਨ ਤੋਂ ਬਾਅਦ ਬੀਤੀ ਰਾਤ ਜੰਮੂ-ਕਸ਼ਮੀਰ ਅਤੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸ਼ਾਂਤੀ ਬਣੀ ਰਹੀ।
ਫ਼ੌਜ ਨੇ ਕਿਹਾ ਕਿ ਰਾਤ ਦੌਰਾਨ ਕਿਸੇ ਵੀ ਅਣਹੋਣੀ ਜਾਂ ਹਮਲੇ ਦੀ ਕੋਈ ਸੂਚਨਾ ਨਹੀਂ ਮਿਲੀ। ਇਹ ਹਾਲੀਆ ਹਫ਼ਤਿਆਂ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਕੰਟਰੋਲ ਰੇਖਾ ‘ਤੇ ਕੋਈ ਸੰਘਰਸ਼ ਨਹੀਂ ਹੋਇਆ।
ਯਾਦ ਰਹੇ ਕਿ 6 ਮਈ ਨੂੰ ਭਾਰਤ ਵੱਲੋਂ ‘ਆਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪੀ.ਓ.ਕੇ. (ਪਾਕਿਸਤਾਨ ਅਧੀਨ ਕਸ਼ਮੀਰ) ਵਿਚ 9 ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਸੀ। ਇਹ ਕਾਰਵਾਈ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੀਤੀ ਗਈ ਸੀ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਸੀ, ਪਰ 10 ਮਈ ਨੂੰ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਨੇ ਭਾਰਤ ਦੇ ਡੀ.ਜੀ.ਐੱਮ.ਓ. ਨੂੰ ਫ਼ੋਨ ਕਰਕੇ ਸ਼ਾਂਤੀ ਬਾਰੇ ਗੱਲਬਾਤ ਕੀਤੀ। ਫਿਰ 11 ਮਈ ਨੂੰ ਅਮਰੀਕਾ ਵੱਲੋਂ ਜੰਗਬੰਦੀ ਦੀ ਪੁਸ਼ਟੀ ਕੀਤੀ ਗਈ।
ਹੁਣ ਦੋਵਾਂ ਪਾਸਿਆਂ ਦੇ ਡੀ.ਜੀ.ਐੱਮ.ਓ. 12 ਮਈ ਨੂੰ ਗੱਲਬਾਤ ਕਰਨਗੇ। ਇਸ ਮੁਲਾਕਾਤ ਨੂੰ ਲੈ ਕੇ ਸਿਰਫ਼ ਦੋਵਾਂ ਦੇਸ਼ਾਂ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਉਮੀਦਾਂ ਬਣੀ ਹੋਈਆਂ ਹਨ।