ਚੰਡੀਗੜ੍ਹ ‘ਚ ਸਵੇਰੇ ਸਾਇਰਨ ਵੱਜਣੇ ਸ਼ੁਰੂ, ਡਰੋਨ ਹਮਲੇ ਦੇ ਖ਼ਤਰੇ ਦੇ ਚਲਦਿਆਂ ਅਲਰਟ ਜਾਰੀ – ਮੋਹਾਲੀ ਵੀ ਚੌਕਸ
ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ‘ਚ ਅਚਾਨਕ ਸਾਇਰਨ ਵੱਜਣੇ ਸ਼ੁਰੂ ਹੋ ਗਏ, ਜਿਸ ਕਾਰਨ ਲੋਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਇਹ ਸਾਇਰਨ ਲਗਾਤਾਰ 10 ਮਿੰਟ ਤੱਕ ਵੱਜਦੇ ਰਹੇ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਚਿਤਾਵਨੀ ਅਨੁਸਾਰ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਬਾਲਕੋਨੀਆਂ ਜਾਂ ਸ਼ੀਸ਼ੇ ਵਾਲੀਆਂ ਥਾਵਾਂ ਕੋਲ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਘਬਰਾਉਣ ਦੀ ਥਾਂ ਸਾਵਧਾਨ ਰਹਿਣ ਅਤੇ ਅਧਿਕਾਰਤ ਸੂਚਨਾਵਾਂ ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਖ਼ਬਰਾਂ ਮੁਤਾਬਕ, ਚੰਡੀਗੜ੍ਹ ਦੇ ਏਅਰਬੇਸ ਸਟੇਸ਼ਨ ‘ਤੇ ਡਰੋਨ ਹਮਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਇਹ ਸਾਇਰਨ ਵੱਜਣ ਲੱਗੇ ਹਨ।
ਇਸਦੇ ਨਾਲ ਹੀ ਮੋਹਾਲੀ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਮੋਹਾਲੀ ਵਿੱਚ ਵੀ ਸਾਇਰਨ ਵੱਜ ਰਹੇ ਹਨ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ, ਤੇ ਖਿੜਕੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਖੇ 20 ਥਾਵਾਂ ‘ਤੇ ਸਾਇਰਨ ਸਿਸਟਮ ਲਗਾਇਆ ਗਿਆ ਹੈ, ਜੋ ਕਿਸੇ ਵੀ ਖ਼ਤਰੇ ਦੀ ਸਥਿਤੀ ਵਿੱਚ ਲੋਕਾਂ ਨੂੰ ਅਲਰਟ ਕਰਨ ਲਈ ਵਰਤਿਆ ਜਾਂਦਾ ਹੈ।