Shahzad Bhatti ਨੇ Lawrence Bishnoi ਨੂੰ ਦਿੱਤੀ ਚੁਣੌਤੀ, ਤੂੰ ਇੱਕ ਵੀ ਪੰਛੀ ਨਹੀਂ ਮਾਰ ਸਕਦਾ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਨੂੰ ਧਮਕੀ ਦੇਣ ਵਾਲੀ ਪੋਸਟ ਦੇ ਜਵਾਬ ਵਿੱਚ ਹੁਣ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਵੀਡੀਓ ਜਾਰੀ ਕਰਕੇ ਲਾਰੈਂਸ ਨੂੰ ਦਿੱਤੀ ਚੁਣੌਤੀ।
ਭੱਟੀ ਨੇ ਆਪਣੀ ਵੀਡੀਓ ਵਿੱਚ ਲਾਰੈਂਸ ਬਾਰੇ ਕਈ ਵੱਡੇ ਖੁਲਾਸੇ ਕਰਦੇ ਹੋਏ ਕਿਹਾ, “ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਤੇਰੇ ਵਰਗਾ ਇੱਕ ਵੀ ਪੰਛੀ ਨਹੀਂ ਮਾਰ ਸਕਦਾ।” ਉਸਨੇ ਕਿਹਾ ਕਿ ਹੁਣ ਉਸਦਾ ਲਾਰੈਂਸ ਨਾਲ ਕੋਈ ਵੀ ਰਿਸ਼ਤਾ ਨਹੀਂ ਰਹਿ ਗਿਆ ਅਤੇ ਜੋ ਵੀ ਆਮਨੇ-ਸਾਮਨੇ ਆਉਣਾ ਚਾਹੁੰਦਾ ਹੈ, ਉਹ ਆ ਕੇ ਸਾਹਮਣਾ ਕਰੇ, ਪਿੱਛੋਂ ਹਮਲਾ ਨਾ ਕਰੇ।
ਵੀਡੀਓ ਵਿੱਚ ਭੱਟੀ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ, ਬਾਬਾ ਸਿੱਦੀਕੀ ਅਤੇ ਜ਼ੀਸ਼ਾਨ ਅਖ਼ਤਰ ਦੀ ਹੱਤਿਆ ਪਿੱਛੇ ਰਾਜਨੀਤਿਕ ਤਾਕਤਾਂ ਦੀ ਭੂਮਿਕਾ ਸੀ। ਉਸਨੇ ਕਿਹਾ ਕਿ ਉਸ ਕੋਲ ਸਾਰੇ ਆਡੀਓ, ਵੀਡੀਓ ਅਤੇ ਦਸਤਾਵੇਜ਼ੀ ਸਬੂਤ ਮੌਜੂਦ ਹਨ, ਜਿਨ੍ਹਾਂ ਨੂੰ ਉਹ ਜਲਦ ਮੀਡੀਆ ਸਾਹਮਣੇ ਪੇਸ਼ ਕਰੇਗਾ। ਭੱਟੀ ਨੇ ਆਰੋਪ ਲਾਇਆ ਕਿ ਬਾਬਾ ਸਿੱਦੀਕੀ ਦੇ ਕਤਲ ਲਈ ਜ਼ੀਸ਼ਾਨ ਨੂੰ ਪੈਸੇ ਦਿੱਤੇ ਗਏ ਸਨ ਅਤੇ ਇਹ ਸਬ ਕੁਝ ਪੂਰੇ ਪਲਾਨ ਅਨੁਸਾਰ ਹੋਇਆ।
ਭੱਟੀ ਨੇ ਲਾਰੈਂਸ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਹ ਮੀਡੀਆ ਰਾਹੀਂ ਝੂਠੀਆਂ ਧਮਕੀਆਂ ਦੇਣ ਦੀ ਥਾਂ ਜੇਲ੍ਹ ਤੋਂ ਬਾਹਰ ਆ ਕੇ ਅਸਲੀ ਮੈਦਾਨ ਵਿੱਚ ਆਵੇ। “ਜੇ ਤੂੰ ਮੇਰੇ ਦੇਸ਼ ਪਾਕਿਸਤਾਨ ਦੇ ਖਿਲਾਫ ਕੁਝ ਵੀ ਕਹੇਗਾ, ਮੈਂ ਚੁੱਪ ਨਹੀਂ ਰਹਿਣਾ। ਯਾਦ ਰੱਖੀਂ, ਪਾਕਿਸਤਾਨ ਦਾ ਇੱਕ ਸ਼ਹਿਜ਼ਾਦ ਭੱਟੀ ਜ਼ਿੰਦਾ ਹੈ,” – ਇਹ ਕਹਿ ਕੇ ਭੱਟੀ ਨੇ ਲਾਰੈਂਸ ਨੂੰ ਚੁਣੌਤੀ ਦਿੱਤੀ।
ਭੱਟੀ ਨੇ ਆਖ਼ਰ ਵਿੱਚ ਲਾਰੈਂਸ ਦੇ ਸਿਸਟਮ ਅਤੇ ਝੂਠੀ ਸ਼ੋਹਰਤ ਉੱਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਸਨੇ ਆਪਣੇ ਹੱਥਾਂ ਨਾਲ ਜੋ ਕੀਤਾ, ਉਹ ਇਮਾਨਦਾਰੀ ਨਾਲ ਕੀਤਾ। “ਤੂੰ ਕਿਸੇ ਮਸ਼ਹੂਰ ਵਿਅਕਤੀ ਨੂੰ ਮਾਰ ਕੇ ਮਸ਼ਹੂਰ ਹੋਇਆ, ਮੈਂ ਕਦੇ ਵੀ ਐਸਾ ਨਹੀਂ ਕੀਤਾ,” – ਇਨ੍ਹਾਂ ਸ਼ਬਦਾਂ ਰਾਹੀਂ ਭੱਟੀ ਨੇ ਲਾਰੈਂਸ ਦੀ ਸੋਸ਼ਲ ਮੀਡੀਆ ਧਮਕੀਆਂ ਨੂੰ ਖ਼ਾਰਜ ਕਰ ਦਿੱਤਾ।