ਕੜਾਕੇ ਦੀ ਠੰਡ ਦਾ ਕਹਿਰ, 2 ਜਨਵਰੀ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ
ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਕੜੀ ਠੰਡ ਨੇ ਲੋਕਾਂ ਦੀ ਜ਼ਿੰਦਗੀ ਠਾਰ ਦਿੱਤੀ ਹੈ। ਹਾਲੀਆ ਮੀਂਹ ਪੈਣ ਤੋਂ ਬਾਅਦ ਸੀਤ ਲਹਿਰ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਤੇ ਸ਼ਾਮ ਨੂੰ ਸੰਘਣੀ ਧੁੰਦ ਦੀ ਚਾਦਰ ਹਰ ਜਗ੍ਹਾ ਛਾਈ ਰਹਿੰਦੀ ਹੈ।
IMD ਵੱਲੋਂ ਚਿਤਾਵਨੀ ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਉੱਤਰੀ-ਪੱਛਮੀ ਅਤੇ ਮੱਧ ਭਾਰਤ ਦੇ ਕਈ ਇਲਾਕਿਆਂ ਵਿੱਚ ਭਿਆਨਕ ਠੰਡ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਹਿਮਾਚਲ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਕਦੋਂ ਤੱਕ ਰਹੇਗੀ ਸੀਤ ਲਹਿਰ
ਮੌਸਮ ਵਿਭਾਗ ਨੇ ਦੱਸਿਆ ਹੈ ਕਿ 30 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ, ਦਿੱਲੀ, ਅਤੇ ਰਾਜਸਥਾਨ ਵਿੱਚ ਸੀਤ ਲਹਿਰ ਜਾਰੀ ਰਹੇਗੀ। ਇਸ ਦੌਰਾਨ ਰਾਤ ਦੇ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਤੱਕ ਗਿਰਾਵਟ ਹੋ ਸਕਦੀ ਹੈ। ਇਸ ਨਾਲ ਸੰਘਣੀ ਧੁੰਦ ਦਾ ਪ੍ਰਭਾਵ ਵੀ ਵੱਧੇਗਾ।
ਕਸ਼ਮੀਰ ’ਚ ਬਰਫ਼ਬਾਰੀ ਕਾਰਨ ਹਾਲਾਤ ਨਾਜ਼ੁਕ
ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਕਾਰਨ ਹਵਾਈ, ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। ਜੰਮੂ-ਸ੍ਰੀਨਗਰ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਇਲਾਵਾ, ਬਿਜਲੀ ਤੇ ਪਾਣੀ ਦੀ ਸਪਲਾਈ ਵੀ ਰੁਕੀ ਹੋਈ ਹੈ। ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਤਾਪਮਾਨ ਵਿੱਚ ਹੋਰ ਗਿਰਾਵਟ ਦੀ ਉਮੀਦ
IMD ਨੇ ਮੱਧ ਅਤੇ ਪੂਰਬੀ ਭਾਰਤ ਦੇ ਕਈ ਇਲਾਕਿਆਂ ਵਿੱਚ ਅਗਲੇ ਤਿੰਨ ਤੋਂ ਪੰਜ ਦਿਨਾਂ ਦੌਰਾਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਗਿਰਾਵਟ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮਹਾਰਾਸ਼ਟਰ ਵਿੱਚ ਵੀ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਹੋ ਸਕਦੀ ਹੈ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਗਰਮ ਕੱਪੜੇ ਪਹਿਨਣ, ਬਿਨਾਂ ਲੋੜ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ।