ਸਕੂਲ ਬੰਦ, ਉਡਾਣਾਂ ਰੱਦ – ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ
ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ‘ਆਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਦੇ ਬਹਾਵਲਪੁਰ ਸਮੇਤ 9 ਟਿਕਾਣਿਆਂ ‘ਤੇ ਹਮਲੇ ਕੀਤੇ ਗਏ।
ਬਹਾਵਲਪੁਰ, ਜਿੱਥੇ ਜੈਸ਼-ਏ-ਮੁਹੰਮਦ ਦੇ ਠਿਕਾਣੇ ਹਨ, ਰਾਜਸਥਾਨ-ਪਾਕਿਸਤਾਨ ਸਰਹੱਦ ਤੋਂ ਸਿਰਫ 100 ਕਿਲੋਮੀਟਰ ਦੂਰ ਹੈ। ਇਸ ਕਾਰਨ ਸਰਹੱਦੀ ਰਾਜਸਥਾਨ ਦੇ ਬੀਕਾਨੇਰ, ਬਾੜਮੇਰ ਅਤੇ ਜੈਸਲਮੇਰ ਵਿੱਚ ਸੁਰੱਖਿਆ ਪ੍ਰਬੰਧ ਚੋਖੇ ਕਰ ਦਿੱਤੇ ਗਏ ਹਨ।
ਹਵਾਈ ਅੱਡੇ ਬੰਦ, ਉਡਾਣਾਂ ਰੱਦ
ਬੀਕਾਨੇਰ ਅਤੇ ਜੋਧਪੁਰ ਹਵਾਈ ਅੱਡੇ ਅਜਿਹੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਏਅਰ ਇੰਡੀਆ ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ 7 ਮਈ ਨੂੰ ਦੁਪਹਿਰ 12 ਵਜੇ ਤੱਕ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਅੰਮ੍ਰਿਤਸਰ ਜਾਣ ਵਾਲੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਦਿੱਲੀ ਡਾਇਵਰਟ ਕਰ ਦਿੱਤਾ ਗਿਆ ਹੈ।
ਸਕੂਲਾਂ ‘ਚ ਛੁੱਟੀ, ਸਰਕਾਰੀ ਕਰਮਚਾਰੀਆਂ ਦੀ ਹਾਜ਼ਰੀ ਲਾਜ਼ਮੀ
ਬੀਕਾਨੇਰ, ਬਾੜਮੇਰ ਅਤੇ ਜੈਸਲਮੇਰ ਜ਼ਿਲ੍ਹਿਆਂ ਵਿੱਚ ਸਰਕਾਰੀ ਆਦੇਸ਼ਾਂ ਦੇ ਤਹਿਤ ਸਾਰੇ ਸਕੂਲ ਅੱਜ ਬੰਦ ਰਹੇ। ਇਨ੍ਹਾਂ ਇਲਾਕਿਆਂ ਵਿੱਚ ਅੰਤਿਮ ਪ੍ਰੀਖਿਆਵਾਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਬੀਕਾਨੇਰ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹੈੱਡਕੁਆਰਟਰ ਨਾ ਛੱਡਣ ਦੇ ਆਦੇਸ਼ ਜਾਰੀ ਹੋਏ ਹਨ।
ਲੜਾਕੂ ਜਹਾਜ਼ਾਂ ਦੀ ਗੂੰਜ
ਚਸ਼ਮਦੀਦਾਂ ਮੁਤਾਬਕ, ਰਾਤ ਕਰੀਬ 2 ਵਜੇ ਜੈਸਲਮੇਰ ਅਤੇ ਬਾੜਮੇਰ ਦੇ ਕਈ ਹਿੱਸਿਆਂ ‘ਚ ਲੜਾਕੂ ਜਹਾਜ਼ਾਂ ਦੀਆਂ ਆਵਾਜ਼ਾਂ ਸੁਣੀ ਗਈਆਂ। ਸ਼ੁਰੂ ‘ਚ ਲੋਕਾਂ ਨੇ ਸੋਚਿਆ ਇਹ ਸੈਨਾ ਵੱਲੋਂ ਅਭਿਆਸ ਹੋ ਸਕਦਾ ਹੈ, ਪਰ ਬਾਅਦ ਵਿੱਚ ਪੁਸ਼ਟੀ ਹੋਈ ਕਿ ਇਹ ਹਮਲੇ ਸਨ।
ਸਥਿਤੀ ਗੰਭੀਰ, ਹਾਈ ਅਲਰਟ ਜਾਰੀ
ਇਸ ਸਮੇਂ ਸਾਰੇ ਹਵਾਈ ਅੱਡਿਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਹੈ। ਯਾਤਰੀਆਂ ਨੂੰ ਸਾਵਧਾਨ ਰਹਿਣ ਅਤੇ ਆਧਿਕਾਰਕ ਸੂਤਰਾਂ ਤੋਂ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ।