‘S-400 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ, ਪਾਕਿਸਤਾਨ ਦੇ ਦਾਅਵੇ ਝੂਠੇ’: ਕਰਨਲ ਸੋਫੀਆ ਕੁਰੈਸ਼ੀ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਦਰਮਿਆਨ ਸ਼ਨੀਵਾਰ ਨੂੰ ਵਿਦੇਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਪਾਕਿਸਤਾਨ ਦੇ ਦਾਅਵੇ ਬਿਲਕੁਲ ਝੂਠੇ ਹਨ ਅਤੇ ਭਾਰਤੀ ਰੱਖਿਆ ਤੰਤਰ ਪੂਰੀ ਤਰ੍ਹਾਂ ਮਜ਼ਬੂਤ ਅਤੇ ਸੁਰੱਖਿਅਤ ਹੈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਹਾਈ-ਸਪੀਡ ਮਿਜ਼ਾਈਲਾਂ ਰਾਹੀਂ ਉਧਮਪੁਰ, ਪਠਾਨਕੋਟ, ਆਦਮਪੁਰ ਅਤੇ ਭੁਜ ਏਅਰਬੇਸ ‘ਤੇ ਹਮਲੇ ਕੀਤੇ ਗਏ, ਜਿਸ ਕਾਰਨ ਕੁਝ ਨੁਕਸਾਨ ਹੋਇਆ। ਪਰ ਭਾਰਤੀ ਫੌਜ ਨੇ ਸਾਰੇ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ ਵੱਡੀ ਤਬਾਹੀ ਤੋਂ ਬਚਾਵ ਕੀਤਾ।
ਕਰਨਲ ਸੋਫੀਆ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਕਿਹਾ ‘ਬੇਬੁਨਿਆਦ’
ਕਰਨਲ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਸ ਨੇ ਭਾਰਤ ਦੇ ਬ੍ਰਹਮੋਸ ਅਤੇ S-400 ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਆਦਮਪੁਰ, ਸੂਰਤਪੁਰ, S-400 ਬੇਟਰੀ, ਅਤੇ ਨਗਰੋਟਾ ਦੇ ਗੋਲਾ-ਬਾਰੂਦ ਸੈਂਟਰ ਬਿਲਕੁਲ ਸੁਰੱਖਿਅਤ ਹਨ।
ਉਨ੍ਹਾਂ ਜੋੜ ਕੇ ਕਿਹਾ ਕਿ ਭਾਰਤ ਦੀ ਫੌਜ ਹਰ ਕਿਸੇ ਹਮਲੇ ਲਈ ਤਿਆਰ ਹੈ ਅਤੇ ਜੇਕਰ ਪਾਕਿਸਤਾਨ ਵੱਲੋਂ ਭਵਿੱਖ ਵਿੱਚ ਵੀ ਕੋਈ ਉਕਸਾਉਣ ਵਾਲੀ ਕਾਰਵਾਈ ਕੀਤੀ ਜਾਂਦੀ ਹੈ, ਤਾਂ ਉਸਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।