ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ

ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ (ਲਾਅ ਐਂਡ ਆਰਡਰ) ਅੰਕੁਰ ਗੁਪਤਾ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਰਦੇ ਹੋਏ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਕਿਸੇ ਵੀ ਰੈਸਟੋਰੈਂਟ, ਕਲੱਬ ਜਾਂ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਵਿੱਚ ਰਾਤ 11:30 ਵਜੇ ਤੋਂ ਬਾਅਦ ਭੋਜਨ, ਪੀਣ ਵਾਲੇ ਪਦਾਰਥ ਆਦਿ ਦਾ ਕੋਈ ਆਰਡਰ ਨਹੀਂ ਲਿਆ ਜਾਵੇਗਾ ਅਤੇ ਕਿਸੇ ਵੀ ਨਵੇਂ ਗਾਹਕ ਨੂੰ ਰਾਤ 11:30 ਤੋਂ ਬਾਅਦ ਰੈਸਟੋਰੈਂਟਾਂ, ਕਲੱਬਾਂ ਜਾਂ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀ ਥਾਵਾਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਰਾਬ ਦੀਆਂ ਦੁਕਾਨਾਂ ਨਾਲ ਲੱਗਦੇ ਅਹਾਤੇ ਰਾਤ 12 ਵਜੇ ਜਾਂ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਮੁਕੰਮਲ ਬੰਦ ਹੋ ਜਾਣੇ ਚਾਹੀਦੇ ਹਨ।

ਹੁਕਮਾਂ ਵਿੱਚ ਸਾਰੀਆਂ ਸੰਸਥਾਵਾਂ ਨੂੰ ਆਵਾਜ਼ ਦਾ ਪੱਧਰ 10 ਡੀ.ਬੀ. (ਏ) ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੀ.ਜੇ., ਲਾਈਵ ਆਰਕੈਸਟਰਾ/ਸਿੰਗਰ ਸਮੇਤ ਆਵਾਜ਼ ਪੈਦਾ ਕਰਨ ਵਾਲੇ ਸਾਰੇ ਸਰੋਤ ਰਾਤ 10 ਵਜੇ ਬੰਦ ਹੋਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੇ ਅੰਦਰ ਪੈਦਾ ਹੋਣ ਵਾਲੀ ਆਵਾਜ਼ ਚਾਰਦਿਵਾਰੀ ਤੋਂ ਬਾਹਰ ਨਹੀਂ ਸੁਣਾਈ ਦੇਣੀ ਚਾਹੀਦੀ। ਮਿਊਜ਼ਿਕ ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ਵਿੱਚ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਕੀਤੀ ਜਾਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਦੇ ਬਾਹਰ ਨਹੀਂ ਸੁਣਾਈ ਨਹੀਂ ਦੇਣੀ ਚਾਹੀਦੀ।

ਡੀ.ਸੀ.ਪੀ. ਵੱਲੋਂ ਇਕ ਹੋਰ ਹੁਕਮ ਰਾਹੀਂ ਸਾਇਲੈਂਸ ਜ਼ੋਨ ਵਿੱਚ ਹਾਰਨ ਦੀ ਵਰਤੋਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਜਨਤਕ ਐਮਮਰਜੈਂਸੀ ਨੂੰ ਛੱਡ ਕੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ਦੀ ਹੱਦ ਨੇੜੇ, ਜਿਥੇ ਸਾਊਂਡ ਸਿਸਟਮ ਜਾਂ ਪਬਲਿਕ ਐਡਰੈਸ ਸਿਸਟਮ ਜਾਂ ਹੋਰ ਕੋਈ ਆਵਾਜ਼ ਪੈਦਾ ਕਰਨ ਵਾਲੇ ਸਰੋਤ ਦੀ ਵਰਤੋਂ ਕੀਤੀ ਜਾ ਰਹੀ ਹੈ, ਦੀ ਆਵਾਜ਼ 10 ਡੀ.ਬੀ.(ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ।

ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਐਮਰਜੈਂਸੀ ਦੇ ਹਾਲਾਤ ਨੂੰ ਛੱਡ ਕੇ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਢੋਲ ਜਾਂ ਭੋਂਪੂ, ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ ਜਾਂ ਸਾਊਂਡ ਐਂਪਲੀਫਾਇਰ ਅਤੇ ਮੈਰਿਜ ਪੈਲੇਸਾਂ ਤੇ ਹੋਟਲਾਂ ਵਿੱਚ ਡੀ.ਜੇ. ਦੀ ਵਰਤੋਂ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਪ੍ਰਾਈਵੇਟ ਮਲਕੀਅਤ ਵਾਲੇ ਸਾਊਂਡ ਸਿਸਟਮ ਦਾ ਸ਼ੋਰ ਪੱਧਰ ਜਾਂ ਪ੍ਰਾਈਵੇਟ ਸਥਾਨ ’ਤੇ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦੀ 5 ਡੀ.ਬੀ.(ਏ) ਤੋਂ ਵੱਧ ਆਵਾਜ਼ ਨਹੀਂ ਰੱਖੀ ਜਾਵੇਗੀ ਅਤੇ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਾਊਂਡ ਸਿਸਟਮ ਅਤੇ ਸਾਮਾਨ ਜਬਤ ਕੀਤਾ ਜਾ ਸਕੇਗਾ।

ਇਹ ਹੁਕਮ 25 ਫਰਵਰੀ 2025 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *