ਦਿੱਲੀ ਦੇ ਲੋਕਾਂ ਲਈ ਕਿਸੇ ਵੀ ਕੇਸ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ – ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਚੋਣ ਮੁਹਿੰਮ ਦੌਰਾਨ ਭਾਜਪਾ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ (AAP) ਨੂੰ ਚੁਣਨ ਦਾ ਮਨ ਬਣਾ ਲਿਆ ਹੈ, ਹੁਣ ਸਿਰਫ਼ EVM ‘ਚ ਬਟਨ ਦਬਾਉਣ ਦੀ ਦੇਰੀ ਹੈ।
ਉਨ੍ਹਾਂ ਦਿੱਲੀ ‘ਚ AAP ਉਮੀਦਵਾਰਾਂ ਦੇ ਹੱਕ ‘ਚ ਰੋਡ-ਸ਼ੋਅ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਉਹੀ ਗੱਲ ਕਰਦੇ ਹਨ, ਜੋ ਪੂਰੀ ਕਰ ਸਕਣ। ਉਨ੍ਹਾਂ ਕਿਹਾ ਕਿ ਕੇਜਰੀਵਾਲ IIT ਇੰਜੀਨੀਅਰ ਅਤੇ ਇਨਕਮ ਟੈਕਸ ਕਮਿਸ਼ਨਰ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਤਾ ਹੈ ਪੈਸਾ ਕਿੱਥੋਂ ਲਿਆ ਜਾਵੇ ਅਤੇ ਕਿੱਥੇ ਖਰਚ ਹੋਵੇ, ਜਦੋਂਕਿ ਦੂਜੀਆਂ ਪਾਰਟੀਆਂ ਸਿਰਫ਼ ਪੈਸਾ ਖਾਣ ਦੀ ਜਾਣ-ਪਛਾਣ ਰੱਖਦੀਆਂ ਹਨ।
ਭਾਜਪਾ ਲੋਕਾਂ ਦੀ ਵੋਟ ਖ਼ਰੀਦਣ ਲਈ ਪੈਸਾ ਵੰਡ ਰਹੀ – ਮਾਨ
ਮਾਨ ਨੇ ਦੋਸ਼ ਲਗਾਇਆ ਕਿ ਭਾਜਪਾ ਵਲੋਂ ਬੂਟ, ਜੈਕਟਾਂ, ਸ਼ਾਲ, ਅਨਾਜ ਅਤੇ ਨਕਦ ਰਕਮ ਵੰਡ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ AAP ਨੇ ਚੋਣ ਕਮਿਸ਼ਨ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਸਾਡੀ ਜਾਂਚ ਕਰ ਸਕਦੇ ਹਨ, ਸਾਡੇ ਕੋਲ ਲੋਕਾਂ ਨੂੰ ਵੰਡਣ ਲਈ ਇੱਕ ਰੁਪਇਆ ਵੀ ਨਹੀਂ। ਉਨ੍ਹਾਂ ਭਾਜਪਾ ਨੂੰ ਕਿਸਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਬੇਹਤਰੀ ਦੀ بج਼ਾਏ ਵੋਟ ਖ਼ਰੀਦਣ ‘ਤੇ ਧਿਆਨ ਕੇਂਦਰਤ ਕਰਨ ਦਾ ਦੋਸ਼ ਲਗਾਇਆ।
ਅਸੀਂ ਸੰਵਿਧਾਨ ਦੀ ਰਾਖੀ ਲਈ ਆਵਾਜ਼ ਉਠਾਵਾਂਗੇ
ਮਾਨ ਨੇ ਕਿਹਾ ਕਿ AAP ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਸੰਵਿਧਾਨ ਦੀ ਰਾਖੀ ਕਰ ਰਹੇ ਹਾਂ, ਜਦੋਂਕਿ ਭਾਜਪਾ ਸੰਵਿਧਾਨ ਨੂੰ ਤੋੜਣ ‘ਚ ਲੱਗੀ ਹੋਈ ਹੈ”।
ਭਾਜਪਾ ਦਾ ਪੈਸਾ ਲੈ ਲਓ, ਪਰ ਵੋਟ AAP ਨੂੰ ਪਾਓ
ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਜੇਕਰ ਪੈਸਾ ਵੰਡੇ, ਤਾਂ ਉਹ ਪੈਸਾ ਲੈ ਲੈਣ, ਪਰ 5 ਤਰੀਕ ਨੂੰ ‘ਝਾੜੂ’ ਵਾਲਾ ਬਟਨ ਦਬਾ ਦੇਣ। ਉਨ੍ਹਾਂ ਕਿਹਾ ਕਿ “AAP ਲੋਕਾਂ ਦੀ ਪਾਰਟੀ ਹੈ, ਜੋ ਸੱਚਾਈ ਅਤੇ ਲੋਕ ਹਿੱਤ ਦੀ ਲੜਾਈ ਲੜ ਰਹੀ ਹੈ”।