ਰਵਨੀਤ ਬਿੱਟੂ ਦਾ ਵੱਡਾ ਬਿਆਨ: ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਾਜਪਾ ਦੇ ਵਿਰੋਧ ਕਰ ਰਹੇ ਕਿਸਾਨ ਆਗੂਆਂ ’ਤੇ ਸਖ਼ਤ ਬਿਆਨ ਦਿੱਤਾ ਹੈ। ਬਿੱਟੂ ਨੇ ਦਾਅਵਾ ਕੀਤਾ ਕਿ ਵਿਰੋਧ ਕਰਨ ਵਾਲੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਕੁਝ ਆਗੂ ਤਾਲਿਬਾਨੀ ਰਵਈਆ ਅਪਣਾ ਰਹੇ ਹਨ ਅਤੇ ਉਹ ਕਿਸਾਨਾਂ ਦੇ ਹੱਕਾਂ ਦੀ ਥਾਂ ਆਪਣੇ ਮਤਲਬ ਲਈ ਇਹ ਮੋਰਚੇ ਚਲਾਂਦੇ ਹਨ। ਉਨ੍ਹਾਂ ਕਿਹਾ ਕਿ ਸਧਾਰਨ ਕਿਸਾਨ ਤਾਂ ਸਿਰਫ ਮੰਡੀਆਂ ਵਿਚ ਰੁਲ ਰਹੇ ਹਨ ਪਰ ਇਹਨਾਂ ਕਿਸਾਨ ਲੀਡਰਾਂ ਨੇ ਭਾਜਪਾ ਦਾ ਵਿਰੋਧ ਆਪਣੀ ਸਿਆਸੀ ਚਾਲ ਦੇ ਤਹਿਤ ਸ਼ੁਰੂ ਕੀਤਾ ਹੈ।
ਬਿੱਟੂ ਨੇ ਇਹ ਵੀ ਦੱਸਿਆ ਕਿ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅੰਦੋਲਨ ਤੋਂ ਪਹਿਲਾਂ ਉਨ੍ਹਾਂ ਕੋਲ ਕਿਹੜੀ ਜਾਇਦਾਦ ਸੀ ਅਤੇ ਅੰਦੋਲਨ ਦੇ ਬਾਅਦ ਕਿਸੇ ਕਿਸਮ ਦਾ ਵਾਧਾ ਹੋਇਆ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀਆਂ ਆਮਦਨੀਆਂ ਤੇ ਜਾਇਦਾਦਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ ਤਾਂ ਕਿ ਹਕੀਕਤ ਸਾਹਮਣੇ ਆ ਸਕੇ।
ਇਹ ਬਿਆਨ ਰਵਨੀਤ ਬਿੱਟੂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤਾ। ਸਵਾਲਾਂ ਦੇ ਜਵਾਬ ਵਿਚ ਬਿੱਟੂ ਨੇ ਰਾਜਾ ਵੜਿੰਗ ’ਤੇ ਵੀ ਨਿਸ਼ਾਨਾ ਸਾਧਿਆ, ਕਹਿੰਦੇ ਹੋਏ ਕਿ ਵੜਿੰਗ ਨੇ ਪਰਿਵਾਰਵਾਦ ਨੂੰ ਵਧਾਵਾ ਦਿੱਤਾ ਹੈ ਅਤੇ ਉਹ ਸਿਰਫ ਆਪਣੇ ਪਰਿਵਾਰ ਦੇ ਹਿਤਾਂ ਬਾਰੇ ਹੀ ਸੋਚਦੇ ਹਨ।