ਪੰਜਾਬ ‘ਚ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ, ਕਈ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਪੰਜਾਬ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਲੋਕ ਗਰਮੀ ਦੀ ਤੀਵਰਤਾ ਤੋਂ ਪਰੇਸ਼ਾਨ ਹਨ। ਇਸਦੇ ਵਿਚਕਾਰ ਮੌਸਮ ਵਿਭਾਗ ਵੱਲੋਂ ਤਾਜ਼ਾ ਚਿਤਾਵਨੀ ਜਾਰੀ ਕੀਤੀ ਗਈ ਹੈ। 16 ਮਈ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ, ਬਿਜਲੀ ਅਤੇ ਹਨ੍ਹੇਰੀ ਦੀ ਸੰਭਾਵਨਾ ਜਤਾਈ ਗਈ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ 17 ਮਈ ਨੂੰ ਮੌਸਮ ਸੰਬੰਧੀ ਕਿਸੇ ਵੀ ਖ਼ਤਰੇ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ।
18 ਤੋਂ 20 ਮਈ ਤੱਕ ਯੈਲੋ ਅਲਰਟ
ਮੌਸਮ ਵਿਭਾਗ ਅਨੁਸਾਰ, 18 ਤੋਂ 20 ਮਈ ਤੱਕ ਵੱਖ-ਵੱਖ ਹਿਸਿਆਂ ‘ਚ ਮੀਂਹ ਅਤੇ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਇਹ ਅਲਰਟ ਖ਼ਾਸ ਤੌਰ ‘ਤੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ।
ਬਠਿੰਡਾ ‘ਚ ਤਾਪਮਾਨ ਸਭ ਤੋਂ ਵੱਧ
ਗਰਮੀ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ‘ਚ ਪਾਰਾ 43.6 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਦੇ ਮੁਤਾਬਕ, ਰਾਜ ‘ਚ ਪੱਛਮੀ ਗੜਬੜੀ ਦੇ ਚਲਦੇ ਮੌਸਮ ਵਿੱਚ ਵਾਰ-ਵਾਰ ਬਦਲਾਅ ਹੋ ਰਿਹਾ ਹੈ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ, ਖ਼ਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿਥੇ ਅਲਰਟ ਜਾਰੀ ਕੀਤਾ ਗਿਆ ਹੈ।