ਪੰਜਾਬ ਦੇ ਗੁਰਿੰਦਰ ਵੀਰ ਨੇ 100 ਮੀਟਰ ਦੌੜ ਵਿੱਚ ਬਣਾਇਆ ਨਵਾਂ ਕੌਮੀ ਰਿਕਾਰਡ
ਟਾਂਡਾ ਉੜਮੜ ਦੇ ਪਿੰਡ ਪਤਿਆਲਾ (ਭੋਗਪੁਰ) ਵਾਸੀ ਗੁਰਿੰਦਰ ਵੀਰ ਸਿੰਘ ਨੇ 100 ਮੀਟਰ ਦੌੜ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਕਰਨਾਟਕਾ ਅਥਲੈਟਿਕ ਐਸੋਸੀਏਸ਼ਨ ਵੱਲੋਂ ਬੰਗਲੌਰ ਵਿਖੇ ਕਰਵਾਈ ਗਈ ਇੰਡੀਅਨ ਗਰੈਂਡ ਪ੍ਰਿਕਸ 1-2025 ਦੌਰਾਨ, ਗੁਰਿੰਦਰ ਨੇ 10.20 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨਵੇਂ ਇਤਿਹਾਸ ਰਚਿਆ। ਪਹਿਲਾਂ ਇਹ ਰਿਕਾਰਡ 10.23 ਸੈਕਿੰਡ ਦਾ ਸੀ।
ਇੰਡੀਅਨ ਨੇਵੀ ਵਿੱਚ ਨੌਕਰੀ ਕਰਦੇ ਗੁਰਿੰਦਰ ਵੀਰ ਨੇ ਆਪਣੇ 2021 ਦੇ 10.27 ਸੈਕਿੰਡ ਦੇ ਸਮੇਂ ਨੂੰ ਬਿਹਤਰ ਕਰਦੇ ਹੋਏ ਇਹ ਉਪਲਬਧੀ ਹਾਸਲ ਕੀਤੀ। ਉਸਦੀ ਇਸ ਵੱਡੀ ਕਾਮਯਾਬੀ ਉਤੇ ਟਾਂਡਾ ਦੇ ਖੇਡ ਪ੍ਰੇਮੀਆਂ ਨੇ ਵਧਾਈ ਦਿੱਤੀ। ਟਾਂਡਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਕੋਚ ਕੁਲਵੰਤ ਸਿੰਘ, ਕੋਚ ਬ੍ਰਿਜਮੋਨ ਸ਼ਰਮਾ, ਕਮਲਦੀਪ ਸਿੰਘ, ਤਜਿੰਦਰ ਸਿੰਘ ਢਿੱਲੋ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਗੁਰਿੰਦਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।