ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਆਸਟ੍ਰੇਲੀਆ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਜਪੁਰਾ ਦੇ ਨਿਵਾਸੀ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ ਸਾਹਨੀ ਦਾ ਕੁਝ ਅਣਜਾਣ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਰਾਤ ਦੇ ਸਮੇਂ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵਾਪਰੀ। ਝਗੜੇ ਦੌਰਾਨ ਗੁੱਸੇ ‘ਚ ਆ ਕੇ ਕੁਝ ਨੌਜਵਾਨਾਂ ਨੇ ਏਕਮ ਉੱਤੇ ਗੋਲੀਆਂ ਚਲਾ ਦਿੱਤੀਆਂ। ਹਦ ਤਾਂ ਹੋ ਗਈ ਜਦੋਂ ਕਾਤਲਾਂ ਨੇ ਕਾਰ ਨੂੰ ਅੱਗ ਲਾ ਦਿੱਤੀ ਤਾਂ ਜੋ ਕੋਈ ਸਬੂਤ ਨਾ ਬਚ ਸਕੇ।

ਏਕਮ ਲਗਭਗ ਪੰਜ ਸਾਲ ਪਹਿਲਾਂ ਆਪਣੇ ਮਾਪਿਆਂ ਸਮੇਤ ਆਸਟ੍ਰੇਲੀਆ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਿਸ਼ਤੇਦਾਰ ਤੋਂ ਫੋਨ ਆਇਆ ਕਿ “ਸਭ ਕੁਝ ਖਤਮ ਹੋ ਗਿਆ ਹੈ, ਏਕਮ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ।”

ਮ੍ਰਿਤਕ ਦੀ ਦਾਦੀ ਮਨਮੋਹਨ ਕੌਰ, ਜੋ ਰਾਜਪੁਰਾ ਦੇ ਗੁਲਾਬ ਨਗਰ ‘ਚ ਰਹਿੰਦੀ ਹੈ, ਰੋ-ਰੋ ਕੇ ਬੇਹਾਲ ਹਨ। ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਏਕਮ ਦਾ ਅੰਤਿਮ ਸੰਸਕਾਰ ਵੀ ਆਸਟ੍ਰੇਲੀਆ ਵਿੱਚ ਹੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਇਸ ਮਾਮਲੇ ਨੇ ਪੰਜਾਬੀ ਭਾਈਚਾਰੇ ‘ਚ ਗਹਿਰੀ ਚਿੰਤਾ ਪੈਦਾ ਕਰ ਦਿੱਤੀ ਹੈ, ਜਿੱਥੇ ਵਿਦੇਸ਼ਾਂ ‘ਚ ਨੌਜਵਾਨਾਂ ਦੀ ਸੁਰੱਖਿਆ ਵੱਡਾ ਮੁੱਦਾ ਬਣ ਰਹੀ ਹੈ।

Leave a Reply

Your email address will not be published. Required fields are marked *