“ਪੰਜਾਬੀ ਆ ਗਏ ਓਏ!” – ਦਿਲਜੀਤ ਦੋਸਾਂਝ ਦਾ ਮਹਾਰਾਜਾ ਵਾਲਾ ਲੁੱਕ ਮੇਟ ਗਾਲਾ 2025 ‘ਚ ਛਾ ਗਿਆ
ਮੇਟ ਗਾਲਾ 2025 ਵਿੱਚ ਦਿਲਜੀਤ ਦੋਸਾਂਝ ਦੇ ਸ਼ਾਨਦਾਰ ਡੈਬਿਊ ਨੇ ਸਭ ਦਾ ਧਿਆਨ ਖਿੱਚਿਆ। ਪੰਜਾਬੀ ਸਭਿਆਚਾਰ ਅਤੇ ਸ਼ਾਹੀ ਅੰਦਾਜ਼ ਨੂੰ ਦਰਸਾਉਂਦੇ ਹੋਏ, ਦਿਲਜੀਤ ਨੇ ਆਪਣਾ ਪਹਿਲਾ ਮੇਟ ਗਾਲਾ ਲੁੱਕ ਐਸਾ ਪੇਸ਼ ਕੀਤਾ ਜੋ ਦੇਖਣ ਵਾਲਿਆਂ ਦੇ ਦਿਲ ਜਿੱਤ ਗਿਆ। ਉਨ੍ਹਾਂ ਦੇ ਲੁੱਕ ਨੂੰ ਵੇਖ ਕੇ ਪ੍ਰਸ਼ੰਸਕਾਂ ਨੇ ਉਤਸ਼ਾਹ ਭਰੇ ਸ਼ਬਦਾਂ ‘ਚ ਕਿਹਾ, “ਪੰਜਾਬੀ ਆ ਗਏ ਓਏ!”
ਦਿਲਜੀਤ ਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਂਦਿਆਂ, ਪ੍ਰਬਲ ਗੁਰੰਗ ਵੱਲੋਂ ਡਿਜ਼ਾਇਨ ਕੀਤੀ ਇੱਕ ਆਲ-ਵ੍ਹਾਈਟ ਸ਼ੇਰਵਾਨੀ ਅਤੇ ਪੱਗ ਵਾਲਾ ਰੌਇਲ ਲੁੱਕ ਅਪਣਾਇਆ। ਇਸ ਲੁੱਕ ਨੂੰ ਇੱਕ ਖਾਸ ਫਲੋਰ-ਲੈਂਥ ਕੈਪ ਨਾਲ ਪੂਰਾ ਕੀਤਾ ਗਿਆ ਸੀ, ਜਿਸ ‘ਤੇ ਪੰਜਾਬੀ ਸ਼ਬਦਾਂ ਦੀ ਖ਼ੂਬਸੂਰਤ ਕਲਾਕਾਰੀ ਦਿਖੀ।
ਦਿਲਜੀਤ ਦੋਸਾਂਝ ਇਸ ਸਮਾਰੋਹ ਵਿੱਚ ਦਸਤਾਰਧਾਰੀ ਹੋ ਕੇ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਸਿਤਾਰੇ ਬਣ ਗਏ ਹਨ। ਉਨ੍ਹਾਂ ਦੀ ਇਸ ਪੇਸ਼ਕਸ਼ ਨੇ ਨਾ ਸਿਰਫ਼ ਫੈਸ਼ਨ ਦੀ ਦੁਨੀਆ ਵਿੱਚ ਪੰਜਾਬੀਅਤ ਦੀ ਛਾਪ ਛੱਡੀ, ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਲੁੱਕ ਦੀ ਭਰਪੂਰ ਤਾਰੀਫ਼ ਕੀਤੀ। ਕਿਸੇ ਨੇ ਲਿਖਿਆ, “ਰੋਂਗਟੇ ਖੜ੍ਹੇ ਹੋ ਗਏ,” ਤਾਂ ਕਿਸੇ ਹੋਰ ਨੇ ਕਿਹਾ, “ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।”
ਦਿਲਜੀਤ ਨੇ ਕੋਚੇਲਾ ਅਤੇ ਪੈਰਿਸ ਫੈਸ਼ਨ ਵੀਕ ਤੋਂ ਬਾਅਦ ਹੁਣ ਮੇਟ ਗਾਲਾ ਵਿੱਚ ਆਪਣੀ ਮੌਜੂਦਗੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਸੰਗੀਤ ਜਾਂ ਅਦਾਕਾਰੀ ਤੱਕ ਸੀਮਤ ਨਹੀਂ, ਸਗੋਂ ਗਲੋਬਲ ਫੈਸ਼ਨ ਪਲੇਟਫਾਰਮ ‘ਤੇ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ।