ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਵੱਡੀ ਤਿਆਰੀ, ਬੱਸ ਅੱਡੇ ਠੇਕੇ ‘ਤੇ ਦੇਣ ਦੇ ਨਿਰਦੇਸ਼ ਜਾਰੀ
ਪੰਜਾਬ ਦਾ ਟਰਾਂਸਪੋਰਟ ਵਿਭਾਗ ਨਵੇਂ ਵਰ੍ਹੇ ਲਈ ਵੱਡੀ ਰਣਨੀਤੀ ਬਣਾ ਰਿਹਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੰਡੀਗੜ੍ਹ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੱਸ ਅੱਡਿਆਂ ਨੂੰ ਠੇਕੇ ’ਤੇ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਮਾਲੀਏ ਵਿਚ ਵਾਧਾ ਕਰਨ ਦੇ ਨਾਲ-ਨਾਲ ਬੱਸ ਅੱਡਿਆਂ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਵੇਗਾ।
ਉਨ੍ਹਾਂ ਮੰਤਰੀ ਮੰਡਲ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਸਰਕਾਰੀ ਰੂਪਏ ਵਿੱਚ ਵਾਧਾ ਕਰਨ ਲਈ ਅਧਿਕਾਰੀਆਂ ਨੂੰ ਟੀਚੇ ਸੈੱਟ ਕਰਨ ਦੀ ਅਪੀਲ ਕੀਤੀ। ਭੁੱਲਰ ਨੇ ਇਹ ਵੀ ਕਿਹਾ ਕਿ ਸੂਬੇ ਦੇ ਹਰੇਕ ਰੂਟ ਤੱਕ ਸਰਕਾਰੀ ਬੱਸ ਸੇਵਾ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿਨ੍ਹਾਂ ਰੂਟਾਂ ’ਤੇ ਨਿੱਜੀ ਬੱਸਾਂ ਹਾਵੀ ਹਨ, ਉੱਥੇ ਸਰਕਾਰੀ ਬੱਸਾਂ ਦੀ ਸ਼ੁਰੂਆਤ ਹੋਵੇਗੀ, ਤਾਂ ਜੋ ਮਹਿਲਾਵਾਂ ਨੂੰ ਮੁਫਤ ਯਾਤਰਾ ਸੇਵਾ ਅਤੇ ਯਾਤਰੀਆਂ ਨੂੰ ਵਧੀਆ ਸਹੂਲਤ ਮਿਲੇ।
ਉਨ੍ਹਾਂ ਅਧਿਕਾਰੀਆਂ ਨੂੰ 15 ਦਿਨਾਂ ਵਿੱਚ ਅਜਿਹੇ ਰੂਟਾਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਜਿੱਥੇ ਸਰਕਾਰੀ ਬੱਸ ਸੇਵਾ ਉਪਲਬਧ ਨਹੀਂ ਹੈ। ਇਸਦੇ ਨਾਲ ਹੀ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀ ਫਲੀਟ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ।
ਟਰਾਂਸਪੋਰਟ ਮੰਤਰੀ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਟੈਕਸ ਡਿਫ਼ਾਲਟਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਅਤੇ ਲੋਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਰਕਾਰੀ ਯੋਜਨਾਵਾਂ ਦੀ ਸਮਾਂਬੱਧ ਸਹੂਲਤ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ।