ਜੰਗ ਦੇ ਹਾਲਾਤ ਦਰਮਿਆਨ ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ: CM ਮਾਨ ਨੇ ਕੀਤਾ ਐਲਾਨ
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣ ਰਹੇ ਜੰਗੀ ਤਣਾਅ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਜ ਇਕ ਐਤਿਹਾਸਿਕ ਮੀਟਿੰਗ ਕੀਤੀ ਗਈ। ਇਸ ਦੌਰਾਨ ਕੈਬਨਿਟ ਨੇ ਕੁੱਲ 15 ਅਹਿਮ ਫ਼ੈਸਲੇ ਲਏ, ਜਿਨ੍ਹਾਂ ‘ਚੋਂ ਕੁਝ ਫ਼ੈਸਲੇ ਸਿੱਧੇ ਤੌਰ ‘ਤੇ ਜੰਗੀ ਹਾਲਾਤਾਂ ਨਾਲ ਜੁੜੇ ਹੋਏ ਹਨ। ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।
ਐਂਟੀ ਡਰੋਨ ਸਿਸਟਮ ਖਰੀਦਣ ਦੀ ਮਨਜ਼ੂਰੀ
CM ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਖਰੀਦਣ ਦਾ ਫ਼ੈਸਲਾ ਲਿਆ ਹੈ। ਇਹ ਸਿਸਟਮ ਪਾਕਿਸਤਾਨ ਨਾਲ ਲੱਗਦੀ 532 ਕਿ.ਮੀ. ਸਰਹੱਦ ‘ਤੇ ਲਗਾਇਆ ਜਾਵੇਗਾ, ਜੋ ਪਠਾਨਕੋਟ ਤੋਂ ਅਬੋਹਰ ਤਕ ਦੇ ਇਲਾਕਿਆਂ ਨੂੰ ਕਵਰ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਡਰੋਨਾਂ ਨੂੰ ਭਾਰਤੀ ਹਵਾਈ ਅਖ਼ਤਿਆਰ ‘ਚ ਦਾਖਲ ਹੋਣ ਤੋਂ ਰੋਕੇਗਾ ਜਾਂ ਲੱਕ ਕੇ ਆਏ ਡਰੋਨਾਂ ਨੂੰ ਢੇਰ ਕਰ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ BSF ਕੋਲ ਪਹਿਲਾਂ ਹੀ ਇਹ ਸਿਸਟਮ ਮੌਜੂਦ ਹੈ, ਪਰ ਹੁਣ ਸਰਕਾਰ ਵੱਲੋਂ ਹੋਰ ਯੰਤਰ ਲਏ ਜਾਣਗੇ।
ਜੰਗ ਜਾਂ ਅੱਤਵਾਦੀ ਹਮਲਿਆਂ ਦੇ ਜ਼ਖ਼ਮੀਆਂ ਲਈ ਇਲਾਜ ਮੁਫ਼ਤ
ਮੁੱਖ ਮੰਤਰੀ ਨੇ ‘ਫਰਿਸ਼ਤੇ ਸਕੀਮ’ ਦੇ ਵਿਸਤਾਰ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਇਹ ਸਕੀਮ ਸੜਕ ਹਾਦਸਿਆਂ ਤੱਕ ਸੀਮਿਤ ਨਹੀਂ ਰਹੇਗੀ। ਜੇਕਰ ਕਿਸੇ ਜੰਗ ਜਾਂ ਅੱਤਵਾਦੀ ਹਮਲੇ ਵਿਚ ਕੋਈ ਵਿਅਕਤੀ ਜ਼ਖ਼ਮੀ ਹੁੰਦਾ ਹੈ, ਤਾਂ ਉਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ। ਇਲਾਜ ਕਿਸੇ ਵੀ ਨਿਜੀ ਜਾਂ ਸਰਕਾਰੀ ਹਸਪਤਾਲ ਵਿਚ ਕਰਵਾਇਆ ਜਾ ਸਕੇਗਾ।
ਪੰਜਾਬ ‘ਚ ਨਹੀਂ ਆਉਣ ਦਿੱਤੀ ਜਾਵੇਗੀ ਘਾਟ
CM ਮਾਨ ਨੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸੂਬੇ ਵਿਚ ਕਿਸੇ ਵੀ ਜ਼ਰੂਰੀ ਸਾਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ। ਇਹ ਮੰਤਰੀ ਰੋਜ਼ਾਨਾ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੈਟਰੋਲ ਪੰਪਾਂ ਤੇ ਲਾਈਨਾਂ ਲਗਾਉਣ ਜਾਂ ਵਾਧੂ ਗੈਸ ਸਿਲੰਡਰ ਖਰੀਦਣ ਦੀ ਲੋੜ ਨਹੀਂ। ਜੇਕਰ ਕੋਈ ਵਿਅਕਤੀ ਜ਼ਰੂਰੀ ਸਾਮਾਨ ਮਹਿੰਗਾ ਵੇਚ ਰਿਹਾ ਹੈ ਤਾਂ ਲੋਕ ਤੁਰੰਤ ਡਿਪਟੀ ਕਮਿਸ਼ਨਰ ਜਾਂ ਨੇੜਲੇ ਸਰਕਾਰੀ ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ।