ਫਿਲਮ ‘ਜਾਟ’ ‘ਚ ਵਿਵਾਦਪੂਰਨ ਸੀਨ ‘ਤੇ ਨਿਰਮਾਤਾਵਾਂ ਨੇ ਮੰਗੀ ਮਾਫੀ, ਸੰਨੀ ਦਿਓਲ ਤੇ ਹੋਈ FIR ਤੋਂ ਬਾਅਦ ਦ੍ਰਿਸ਼ ਹਟਾਇਆ
ਜਲੰਧਰ ‘ਚ ਅਦਾਕਾਰ ਸੰਨੀ ਦਿਓਲ ਅਤੇ ਹੋਰਾਂ ਵਿਰੁੱਧ FIR ਦਰਜ ਹੋਣ ਤੋਂ ਬਾਅਦ ਫਿਲਮ ‘ਜਾਟ’ ਦੇ ਨਿਰਮਾਤਾਵਾਂ ਨੇ ਇੱਕ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਮਾਫੀ ਮੰਗੀ ਹੈ। ਬਿਆਨ ਅਨੁਸਾਰ, ਫਿਲਮ ਦੇ ਜਿਸ ਵਿਵਾਦਪੂਰਨ ਦ੍ਰਿਸ਼ ਨੂੰ ਲੈ ਕੇ ਈਸਾਈ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਗਿਆ ਸੀ, ਉਸਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।
ਧਾਰਮਿਕ ਭਾਵਨਾਵਾਂ ਦਾ ਕੀਤਾ ਸਤਿਕਾਰ
ਨਿਰਮਾਤਾਵਾਂ ਨੇ ਆਪਣੇ ਬਿਆਨ ਵਿਚ ਕਿਹਾ, “ਸਾਡੇ ਫਿਲਮ ਬਣਾਉਣ ਦੇ ਕਿਸੇ ਵੀ ਪਹਿਰੇ ‘ਚ ਕਿਸੇ ਧਰਮ ਜਾਂ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਫਿਲਮ ‘ਚੋਂ ਇਹ ਸੀਨ ਹਟਾ ਦਿੱਤਾ ਗਿਆ ਹੈ। ਜੇਕਰ ਕਿਸੇ ਦੀ ਆਸਥਾ ਨੂੰ ਠੇਸ ਪਹੁੰਚੀ ਹੋਵੇ, ਤਾਂ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ।”
FIR ‘ਚ ਦਰਜ ਹਨ ਇਹ ਨਾਮ
ਫਿਲਮ ‘ਜਾਟ’ ਵਿੱਚ ਪ੍ਰਭੂ ਯਿਸੂ ਮਸੀਹ ਨਾਲ ਜੁੜੇ ਸੀਨ ‘ਤੇ ਇਤਰਾਜ਼ ਜਤਾਉਂਦੇ ਹੋਏ, ਜਲੰਧਰ ਦੇ ਸਦਰ ਥਾਣੇ ਵਿੱਚ IPC ਦੀ ਧਾਰਾ 295 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਸ਼ਿਕਾਇਤ ਫੋਲਰੀਵਾਲ ਪਿੰਡ ਦੇ ਵਸਨੀਕ ਅਤੇ ਈਸਾਈ ਭਾਈਚਾਰੇ ਦੇ ਮੈਂਬਰ ਵਿਕਲਪ ਗੋਲਡ ਵਲੋਂ ਦਰਜ ਕਰਵਾਈ ਗਈ ਸੀ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਵੀ FIR ਦੀ ਪੁਸ਼ਟੀ ਕੀਤੀ।
FIR ਵਿੱਚ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਨਿਰਦੇਸ਼ਕ ਗੋਪੀਚੰਦ ਮਾਲੀਨੇਨੀ ਅਤੇ ਹੋਰ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ।
10 ਅਪ੍ਰੈਲ ਨੂੰ ਹੋਈ ਸੀ ਰਿਲੀਜ਼
ਫਿਲਮ ‘ਜਾਟ’ 10 ਅਪ੍ਰੈਲ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਵਿਵਾਦ ਦੇ ਚੱਲਦਿਆਂ, ਨਿਰਮਾਤਾਵਾਂ ਵਲੋਂ ਮਾਫੀ ਮੰਗਣ ਅਤੇ ਸੀਨ ਹਟਾਉਣ ਦੀ ਕਾਰਵਾਈ ਦੇ ਨਾਲ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹ ਹਰ ਭਾਈਚਾਰੇ ਦੇ ਜਜ਼ਬਾਤਾਂ ਦਾ ਆਦਰ ਕਰਦੇ ਹਨ।