BSF ’ਚ 20 ਹਜ਼ਾਰ ਨਵੇਂ ਜਵਾਨਾਂ ਦੀ ਭਰਤੀ ਦੀ ਤਿਆਰੀ, ਕੇਂਦਰ ਸਰਕਾਰ ਕੋਲ ਗਿਆ ਪ੍ਰਸਤਾਵ
ਦੇਸ਼ ਦੀ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਬਾਰਡਰ ਸੁਰੱਖਿਆ ਬਲ (BSF) ਵਿੱਚ 20 ਹਜ਼ਾਰ ਨਵੇਂ ਜਵਾਨ ਭਰਤੀ ਕਰਨ ਦੀ ਯੋਜਨਾ ਤਹਿ ਕੀਤੀ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ, 18 ਨਵੀਆਂ ਬਟਾਲੀਅਨਾਂ ਅਤੇ 2 ਨਵੇਂ ਸੈਕਟਰਾਂ ਦੀ ਸਥਾਪਨਾ ਲਈ ਪ੍ਰਸਤਾਵ ਨੂੰ ਸਿਧਾਂਤਕ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੁਣ ਇਹ ਪ੍ਰਕਿਰਿਆ ਅੱਗੇ ਵਧ ਰਹੀ ਹੈ। ਉਮੀਦ ਹੈ ਕਿ ਇਹ ਭਰਤੀ ਪੜਾਅਵਾਰ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਜਲਦੀ ਵਿੱਤੀ ਪ੍ਰਬੰਧਾਂ ਦੇ ਨਾਲ ਇਸ ਦਾ ਐਲਾਨ ਕੀਤਾ ਜਾਵੇਗਾ।
ਐਂਟੀ ਡਰੋਨ ਤਕਨੀਕ ਅਤੇ ਨਿਗਰਾਨੀ ਵਿਵਸਥਾ ਹੋਵੇਗੀ ਹੋਰ ਮਜ਼ਬੂਤ
ਇਸ ਦੇ ਨਾਲ, ਸਰਹੱਦਾਂ ਦੀ ਨਿਗਰਾਨੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਐਂਟੀ ਡਰੋਨ ਤਕਨੀਕ ਨੂੰ ਵੀ ਅਪਗਰੇਡ ਕਰਨ ਦੀ ਤਿਆਰੀ ਜਾਰੀ ਹੈ। ਸਰਕਾਰੀ ਰਿਪੋਰਟਾਂ ਅਨੁਸਾਰ, ਇੱਕ ਵਿਸਥਾਰਤ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸਰਹੱਦ ‘ਤੇ ਸਥਿਤ ਬੀ.ਓ.ਪੀ. (ਬਾਰਡਰ ਆਊਟ ਪੋਸਟ) ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵੇਂ ਬੰਕਰ ਵੀ ਤਿਆਰ ਕੀਤੇ ਜਾਣਗੇ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਦਾ ਏਅਰ ਡਿਫੈਂਸ ਸਿਸਟਮ ਬੇਹੱਦ ਮਜ਼ਬੂਤ ਹੈ, ਪਰ ਲੰਬੀ ਸਰਹੱਦ ਹੋਣ ਕਰਕੇ ਕੁਝ ਖਾਲੀਆਂ ਥਾਵਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਭਰਨ ਲਈ ਵਿਸ਼ੇਸ਼ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇਗਾ।