ਪ੍ਰਤਾਪ ਸਿੰਘ ਬਾਜਵਾ ਅੱਜ ਸਾਈਬਰ ਕ੍ਰਾਈਮ ਪੁਲਸ ਅੱਗੇ ਹੋਣਗੇ ਪੇਸ਼, FIR ਦੀ ਕਾਪੀ ਲਈ ਵਕੀਲਾਂ ਨੂੰ ਲੈਣੀ ਪਈ ਅਦਾਲਤ ਦੀ ਮਦਦ

ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਦੁਪਹਿਰ 2 ਵਜੇ ਮੋਹਾਲੀ ਦੇ ਫੇਜ਼-7 ਸਥਿਤ ਸਾਈਬਰ ਕ੍ਰਾਈਮ ਸੈੱਲ ਵਿੱਚ ਪੁਲਸ ਜਾਂਚ ’ਚ ਸ਼ਾਮਲ ਹੋਣਗੇ। ਇਹ ਕਦਮ ਮੋਹਾਲੀ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੀ ਗਈ FIR ਤੋਂ ਬਾਅਦ ਚੁੱਕਿਆ ਗਿਆ ਹੈ।

ਪੁਲਸ ਵੱਲੋਂ 12 ਅਪ੍ਰੈਲ ਨੂੰ ਉਨ੍ਹਾਂ ਨੂੰ ਨੋਟਿਸ ਭੇਜ ਕੇ ਜਾਂਚ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਦੇ ਵਕੀਲਾਂ — ਹਿੰਮਤ ਸਿੰਘ ਦਿਓਲ ਅਤੇ ਐੱਚ.ਐੱਸ. ਧਨੋਆ — ਨੇ ਦਲੀਲ ਦਿੱਤੀ ਕਿ FIR ਦੀ ਕਾਪੀ ਨਾ ਮਿਲਣ ਕਰਕੇ ਬਾਜਵਾ ਆਪਣਾ ਬਿਆਨ ਨਹੀਂ ਦੇ ਸਕਦੇ। ਇਸ ਤੋਂ ਬਾਅਦ, ਉਨ੍ਹਾਂ ਨੇ ਡਿਊਟੀ ਮੈਜਿਸਟ੍ਰੇਟ ਅਭੈ ਰਾਜਨ ਸ਼ੁਕਲਾ ਦੀ ਅਦਾਲਤ ’ਚ ਅਰਜ਼ੀ ਦਾਇਰ ਕੀਤੀ।

ਅਦਾਲਤ ਨੇ FIR ਦੀ ਕਾਪੀ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ, ਜਿਸ ‘ਤੇ ਇੱਕ ਮਹਿਲਾ ਕਾਂਸਟੇਬਲ ਨੇ ਤੁਰੰਤ FIR ਦੀ ਕਾਪੀ ਅਦਾਲਤ ‘ਚ ਪੇਸ਼ ਕੀਤੀ। ਬਾਦ ਵਿੱਚ, ਬਾਜਵਾ ਦੇ ਵਕੀਲ ਪੁਲਸ ਸਟੇਸ਼ਨ ਪਹੁੰਚੇ ਅਤੇ ਉਨ੍ਹਾਂ ਨੂੰ FIR ਦੀ ਕਾਪੀ ਹਾਸਲ ਹੋਈ।

FIR ‘ਚ ਕੀ ਲਿਖਿਆ ਹੈ?

FIR ਮੁਤਾਬਕ, ਬਾਜਵਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ “ਪੰਜਾਬ ਵਿੱਚ 50 ਗ੍ਰਨੇਡ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 18 ਵਰਤੇ ਜਾ ਚੁੱਕੇ ਹਨ, ਤੇ 32 ਹਜੇ ਵੀ ਮੌਜੂਦ ਹਨ।” ਇਹ ਬਿਆਨ ਫੇਸਬੁੱਕ ‘ਤੇ ਪੋਸਟ ਹੋਇਆ, ਜਿਸ ਤੋਂ ਬਾਅਦ ਪੁਲਸ ਦੇ ਸੋਸ਼ਲ ਮੀਡੀਆ ਸੈੱਲ ਵਿੱਚ ਤਾਇਨਾਤ ਤਰਨਪ੍ਰੀਤ ਕੌਰ ਨੇ ਇਹ ਮਾਮਲਾ ਦਰਜ ਕਰਵਾਇਆ।

ਪੁਲਸ ਅਨੁਸਾਰ, ਬਾਜਵਾ ਨੇ ਆਪਣੇ ਦਾਅਵੇ ਸਬੰਧੀ ਕੋਈ ਸਬੂਤ ਨਹੀਂ ਦਿੱਤਾ, ਅਤੇ ਉਨ੍ਹਾਂ ਦੇ ਬਿਆਨ ਲੋਕਾਂ ਵਿੱਚ ਡਰ ਤੇ ਅਸ਼ਾਂਤੀ ਫੈਲਾਉਣ ਵਾਲੇ ਹਨ। FIR ਵਿੱਚ ਉਨ੍ਹਾਂ ਉੱਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਨੂੰ ਖ਼ਤਰੇ ’ਚ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ।

ਕਿਹੜੀਆਂ ਧਾਰਾਵਾਂ ਲਾਗੂ ਹੋਈਆਂ?

FIR ਵਿੱਚ BNS ਦੀ ਧਾਰਾ 353(2) ਅਤੇ 197(1)(ਡੀ) ਲਾਈ ਗਈ ਹੈ, ਜੋ ਗੈਰ-ਜ਼ਮਾਨਤੀ ਹਨ। ਸੀਨੀਅਰ ਵਕੀਲ ਪ੍ਰਿਤਪਾਲ ਸਿੰਘ ਬਾਸੀ ਮੁਤਾਬਕ, ਇਹਨਾਂ ਧਾਰਾਵਾਂ ਹੇਠ ਬਾਜਵਾ ਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ।

Leave a Reply

Your email address will not be published. Required fields are marked *