ਹਮਲੇ ਦੀ ਸੰਭਾਵਨਾ, ਉੱਤਰੀ ਖੇਤਰਾਂ ਦੀਆਂ ਉਡਾਣਾਂ ਰੱਦ, ਸਰਹੱਦੀ ਇਲਾਕਿਆਂ ‘ਚ ਡਰ ਦਾ ਮਾਹੌਲ
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੇ ਖਤਰਨਾਕ ਰੂਪ ਧਾਰ ਲਿਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਕਠੋਰ ਰਵਿਆ ਅਪਣਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਫੌਜਾਂ ਨੂੰ “ਫ੍ਰੀ ਹੈਂਡ” ਦੇ ਦਿੱਤਾ ਗਿਆ ਹੈ, ਜਿਸਦਾ ਸਿੱਧਾ ਅਰਥ ਹੈ ਕਿ ਹੁਣ ਫੌਜ ਕਿਸੇ ਵੀ ਸਮੇਂ, ਬਿਨਾਂ ਕਿਸੇ ਹੋਰ ਆਗਿਆ ਦੇ, ਕਾਰਵਾਈ ਕਰ ਸਕਦੀ ਹੈ।
ਇਸ ਦੌਰਾਨ, ਪਾਕਿਸਤਾਨ ਵੱਲੋਂ ਵੀ ਉੱਤਰੀ ਖੇਤਰਾਂ ਵਿੱਚ ਸੁਰੱਖਿਆ ਬੜਾ ਦਿੱਤੀ ਗਈ ਹੈ। ਗਿਲਗਿਤ, ਸਕਾਰਦੂ ਅਤੇ ਹੋਰ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਸ ਦਾ ਕੋਈ ਵਿਸਥਾਰ ਨਾਲ ਕਾਰਨ ਨਹੀਂ ਦਿੱਤਾ ਗਿਆ, ਪਰ ਇਹ ਕਦਮ ਹਵਾਈ ਰਾਹਾਂ ‘ਤੇ ਵਧ ਰਹੀ ਮਿਲਟਰੀ ਚੌਕਸੀ ਅਤੇ ਤਣਾਅ ਭਰਪੂਰ ਹਾਲਾਤਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਸੂਤਰਾਂ ਦੇ ਅਨੁਸਾਰ, ਦੋਵਾਂ ਦੇਸ਼ਾਂ ਦੀ ਫੌਜ ਕਿਸੇ ਵੀ ਸਮੇਂ ਆਹਮੋ-ਸਾਹਮਣੇ ਹੋ ਸਕਦੀ ਹੈ। ਉੱਡਾਣਾਂ ਦੀ ਰੱਦਗੀ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਟਿਕਟਾਂ ਅਤੇ ਯਾਤਰਾ ਸਮੇਂ ਲਈ ਸਿੱਧਾ ਏਅਰਲਾਈਨ ਕੰਪਨੀਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।
ਇਸ ਵਧਦੇ ਤਣਾਅ ਕਾਰਨ ਸਰਹੱਦੀ ਪਿੰਡਾਂ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕ ਆਪਣੀਆਂ ਸਰਗਰਮੀਆਂ ਨੂੰ ਸੀਮਤ ਕਰ ਰਹੇ ਹਨ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।