ਕਤਲ ਦੇ ਮਾਮਲੇ ‘ਚ ਮਸ਼ਹੂਰ ਇੰਸਟਾਗ੍ਰਾਮ ਕਨਟੈਂਟ ਕ੍ਰਿਏਟਰ ਸੁੱਖ ਰਤੀਆ ਗ੍ਰਿਫ਼ਤਾਰ
ਸੋਸ਼ਲ ਮੀਡੀਆ ‘ਤੇ ਮਸ਼ਹੂਰ ਇੰਸਟਾਗ੍ਰਾਮ ਕਨਟੈਂਟ ਕ੍ਰਿਏਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਨਵੀ ਮੁੰਬਈ ਪੁਲਿਸ ਨੇ ਇੱਕ ਔਰਤ ਦੇ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਸੁੱਖ ਰਤੀਆ ਹਰਿਆਣਾ ਦੇ ਫ਼ਤਿਹਾਬਾਦ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਇੰਸਟਾਗ੍ਰਾਮ ‘ਤੇ ਉਸ ਦੇ 5.25 ਲੱਖ ਤੋਂ ਵੱਧ ਫਾਲੋਅਰ ਹਨ।
ਪੁਲਿਸ ਮੁਤਾਬਕ, 18 ਮਈ ਨੂੰ ਸੁਖਪ੍ਰੀਤ ਨੇ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਨਵੀ ਮੁੰਬਈ ਵਿੱਚ ਇੱਕ ਔਰਤ ਦੀ ਗਲ੍ਹਾ ਰੇਤ ਕੇ ਹਤਿਆ ਕਰ ਦਿੱਤੀ। ਇਹ ਕਤਲ ਔਰਤ ਦੇ ਪਤੀ ਕਿਸ਼ੋਰ ਸਿੰਘ ਵੱਲੋਂ ਦਿੱਤੀ ਗਈ 5 ਲੱਖ ਰੁਪਏ ਦੀ ਸੁਪਾਰੀ ਦੇ ਤਹਿਤ ਕੀਤਾ ਗਿਆ। ਕਤਲ ਦੀ ਯੋਜਨਾ ਅਨੁਸਾਰ, ਸੁਖਪ੍ਰੀਤ ਨੇ ਆਨਲਾਈਨ ਚਾਕੂ ਅਤੇ ਮਾਸਕ ਮੰਗਵਾਏ ਅਤੇ ਰੇਕੀ ਕਰਨ ਤੋਂ ਬਾਅਦ ਇਹ ਘਟਨਾ ਅੰਜਾਮ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੀ ਨੋਇਡਾ ਐੱਸ.ਟੀ.ਐੱਫ਼. ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਆਰੋਪੀ ਸੂਰਜਪੁਰ ਇਲਾਕੇ ਦੇ ਘੰਟਾ ਗੋਲ ਚੱਕਰ ਕੋਲ ਮੌਜੂਦ ਹਨ। ਤੁਰੰਤ ਕਾਰਵਾਈ ਕਰਦਿਆਂ, ਐੱਸ.ਟੀ.ਐੱਫ਼ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਨਵੀ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ, 24 ਸਾਲਾ ਸੁਖਪ੍ਰੀਤ ਨੇ ਕਬੂਲਿਆ ਕਿ ਉਸ ਨੂੰ ਮਾਡਲਿੰਗ ਦਾ ਸ਼ੌਕ ਸੀ ਅਤੇ ਉਹ 2022 ਵਿੱਚ ਆਪਣੇ ਮਾਮੇ ਦੇ ਮੁੰਡੇ ਨਾਲ ਮੁੰਬਈ ਗਿਆ ਸੀ, ਜਿੱਥੇ ਉਹ ਰਹਿ ਕੇ ਸੋਸ਼ਲ ਮੀਡੀਆ ਉੱਤੇ ਕਨਟੈਂਟ ਬਣਾਉਂਦਾ ਸੀ। ਮਕਸਦ ਮਾਡਲਿੰਗ ਵਿੱਚ ਕਰੀਅਰ ਬਣਾਉਣ ਦਾ ਸੀ, ਪਰ ਹੁਣ ਉਹ ਕਤਲ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।