ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਹਮਲੇ ‘ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦਾ ਬਿਆਨ
ਜਲੰਧਰ ‘ਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰੇਨੇਡ ਹਮਲੇ ਮਾਮਲੇ ‘ਚ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਸਵੇਰੇ 4.30 ਵਜੇ ਮੌਕੇ ‘ਤੇ ਪਹੁੰਚ ਕੇ ਤਾਜ਼ਾ ਹਾਲਾਤਾਂ ਦੀ ਸਮੀਖਿਆ ਕੀਤੀ।
ਧੰਨਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੇਰ ਰਾਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਮਨੋਰੰਜਨ ਕਾਲੀਆ ਦੇ ਘਰ ਕੋਲ ਇੱਕ ਧਮਾਕਾ ਹੋਇਆ ਹੈ। ਇਸ ਦੇ ਤੁਰੰਤ ਬਾਅਦ ਪੁਲਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸੈਂਪਲ ਇਕੱਠੇ ਕੀਤੇ ਗਏ। ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਥਾਵਾਂ ਤੋਂ ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਹਮਲਾਵਰਾਂ ਦੇ ਆਉਣ-ਜਾਣ ਦੇ ਰੂਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿੱਥੇ-ਜਿੱਥੇ ਸੁਰੱਖਿਆ ਵਧਾਉਣ ਦੀ ਲੋੜ ਮਹਿਸੂਸ ਹੋਈ, ਉੱਥੇ ਫੌਰੀ ਤੌਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਹ ਗ੍ਰੇਨੇਡ ਸੀ ਜਾਂ ਹੋਰ ਕੋਈ ਵਿਸਫੋਟਕ ਪਦਾਰਥ, ਇਸ ਬਾਰੇ ਫਾਇਨਲ ਪੁਸ਼ਟੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਹੋਵੇਗੀ।