‘ਆਪਰੇਸ਼ਨ ਸਿੰਦੂਰ’ ਤੋਂ ਬਾਅਦ PM ਮੋਦੀ ਨੇ ਯੂਰਪ ਦੀ ਤਿੰਨ ਦੇਸ਼ੀ ਦੀ ਯਾਤਰਾ ਕੀਤੀ ਰੱਦ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਯੂਰਪ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਸਰਕਾਰੀ ਸੂਤਰਾਂ ਅਨੁਸਾਰ, ਮੋਦੀ ਜੀ 13 ਮਈ ਤੋਂ 17 ਮਈ ਤੱਕ ਕ੍ਰੋਏਸ਼ੀਆ, ਨਾਰਵੇ ਅਤੇ ਨੀਦਰਲੈਂਡ ਦੀ ਯਾਤਰਾ ‘ਤੇ ਜਾਣ ਵਾਲੇ ਸਨ, ਜਿਸ ਵਿੱਚ ਉਨ੍ਹਾਂ ਨੇ ਨਾਰਵੇ ‘ਚ ਹੋਣ ਵਾਲੇ ਨਾਰਡਿਕ ਸੰਮੇਲਨ ਵਿੱਚ ਭੀ ਹਿੱਸਾ ਲੈਣਾ ਸੀ।
ਅਧਿਕਾਰਤ ਜਾਣਕਾਰੀ ਮੁਤਾਬਕ, ਭਾਰਤ ਸਰਕਾਰ ਵੱਲੋਂ ਇਹ ਯਾਤਰਾ ਰੱਦ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਤਿੰਨੋਂ ਦੇਸ਼ਾਂ ਨੂੰ ਵੀ ਇਸ ਫੈਸਲੇ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਫੈਸਲਾ ਉਸ ਤੋਂ ਇਕ ਦਿਨ ਬਾਅਦ ਆਇਆ ਹੈ ਜਦੋਂ ਭਾਰਤ ਨੇ “ਆਪਰੇਸ਼ਨ ਸਿੰਦੂਰ” ਤਹਿਤ ਮੰਗਲਵਾਰ ਰਾਤ ਪਾਕਿਸਤਾਨ ਅਤੇ ਪਾਕਿਸਤਾਨ-ਅਧਿਕ੍ਰਿਤ ਕਸ਼ਮੀਰ ਵਿਚ 9 ਅੱਤਵਾਦੀ ਠਿਕਾਣਿਆਂ ‘ਤੇ ਏਅਰ ਸਟ੍ਰਾਈਕ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਹਮਲੇ ਵਿੱਚ ਜੈਸ਼-ਏ-मੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੀਆਂ ਅੱਤਵਾਦੀ ਸੰਸਥਾਵਾਂ ਦੇ ਗੜ੍ਹ ਤਬਾਹ ਕੀਤੇ ਗਏ ਹਨ। ਕੋਟਲੀ, ਮੁਜ਼ੱਫਰਾਬਾਦ, ਬਹਾਵਲਪੁਰ ਅਤੇ ਮੁਰੀਦਕੇ ਸਣੇ ਥਾਵਾਂ ਨੂੰ ਮਿਜ਼ਾਈਲ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ।
ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਸੁਰੱਖਿਆ ਨਾਲ ਜੁੜਾ ਜ਼ਰੂਰੀ ਫੈਸਲਾ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਯਾਤਰਾ ਰੱਦ ਕਰਨਾ ਲਾਜ਼ਮੀ ਸੀ।