ਪੰਜਾਬ ‘ਚ ਲੋਕਾਂ ਨੂੰ ਆ ਰਹੀਆਂ ਗੁਰਪਤਵੰਤ ਸਿੰਘ ਪੰਨੂ ਦੀਆਂ ਭੜਕਾਊ ਕਾਲਾਂ, ਭਾਰਤੀ ਫੌਜ ਖ਼ਿਲਾਫ਼ ਜਹਿਰ ਉਗਲਣ ਦੀ ਕੋਸ਼ਿਸ਼
ਪੰਜਾਬ ਵਿੱਚ ਰਹਿੰਦੇ ਕਈ ਲੋਕਾਂ ਨੂੰ ਇੱਕ ਰਿਕਾਰਡ ਕੀਤੀ ਹੋਈ ਭੜਕਾਊ ਕਾਲ ਮਿਲੀ ਹੈ, ਜੋ ਕਿ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਭੇਜੀ ਗਈ ਦੱਸੀ ਜਾ ਰਹੀ ਹੈ। ਇਸ ਕਾਲ ਰਾਹੀਂ ਪੰਨੂ ਨੇ ਪੰਜਾਬੀਆਂ ਨੂੰ ਭਾਰਤੀ ਫੌਜ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨ ਦੇ ਹੱਕ ਵਿੱਚ ਉਨ੍ਹਾਂ ਦੀ ਸੋਚ ਮੋੜਣ ਦੀ ਨੀਤੀ ਅਪਣਾਈ।
ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਆ ਰਹੀਆਂ ਇਹਨਾਂ ਕਾਲਾਂ ‘ਚ ਪੰਨੂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ ਅਤੇ ਭਾਰਤੀ ਫੌਜ ਨਾਲ ਵਿਦ੍ਰੋਹ ਕਰਨ ਦੀ ਅਪੀਲ ਕਰਦਾ ਹੈ। ਇਹ ਸਾਫ਼ ਹੋ ਚੁੱਕਾ ਹੈ ਕਿ ਪੰਨੂ ਦੀਆਂ ਸੋਸ਼ਲ ਮੀਡੀਆ ਰਾਹੀਂ ਚਲਾਈਆਂ ਮੁਹਿੰਮਾਂ ਅਸਫਲ ਰਹੀਆਂ ਹਨ, ਜਿਸ ਕਾਰਨ ਹੁਣ ਉਹ ਲੋਕਾਂ ਦੇ ਮੋਬਾਈਲ ਨੰਬਰਾਂ ‘ਤੇ ਰਿਕਾਰਡ ਕੀਤੀਆਂ ਕਾਲਾਂ ਭੇਜ ਕੇ ਆਪਣੀ ਭੜਕਾਊ ਸੋਚ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਹੋਰ ਵੀਡੀਓ ਵਿੱਚ ਪੰਨੂ ਨੇ ਦਾਅਵਾ ਕੀਤਾ ਸੀ ਕਿ ਜੇਕਰ ਭਾਰਤ ਨੇ ਪਾਕਿਸਤਾਨ ‘ਤੇ ਹਮਲਾ ਕੀਤਾ ਤਾਂ ਇਹ “ਭਾਰਤ ਲਈ ਆਖ਼ਰੀ ਯੁੱਧ” ਹੋਵੇਗਾ। ਇਨ੍ਹਾਂ ਸੰਦੇਸ਼ਾਂ ਵਿੱਚ ਪੰਨੂ ਸਿੱਖ ਫੌਜੀਆਂ ਨੂੰ ਪਾਕਿਸਤਾਨ ਦੇ ਹੱਕ ਵਿੱਚ ਖੁਫੀਆ ਜਾਣਕਾਰੀ ਦੇਣ ਦੀ ਅਪੀਲ ਕਰਦਾ ਹੈ ਅਤੇ ਇਸ ਦੇ ਐਵਜ ਵਿੱਚ 11 ਮਿਲੀਅਨ ਡਾਲਰ ਦੀ ਲਾਲਚ ਵੀ ਦਿੰਦਾ ਹੈ।
ਇਹ ਕਾਰਵਾਈ ਸਿਰਫ਼ ਭਾਰਤ ਦੀ ਅਖੰਡਤਾ ਅਤੇ ਖੇਤਰੀ ਅਮਨ ਲਈ ਹੀ ਖ਼ਤਰਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਪਾਕਿਸਤਾਨੀ ਏਜੰਸੀਆਂ ਦੀ ਭੂਮਿਕਾ ਅਤੇ ਹਿੱਸੇਦਾਰੀ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਭਾਰਤੀ ਜਾਸੂਸੀ ਏਜੰਸੀਆਂ ਅਤੇ ਸੁਰੱਖਿਆ ਬਲ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਕਿਉਂਕਿ ਇਹਨਾਂ ਕਾਲਾਂ ਰਾਹੀਂ ਇੱਕ ਨਵੀਂ ਤਰ੍ਹਾਂ ਦੀ ਮਨੋਵਿਗਿਆਨਕ ਜੰਗ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।