ਜਲੰਧਰ ਦੇ ਪਿੰਡ ਮੀਰਪੁਰ ‘ਚ ਫਿਰ ਦੇਖਿਆ ਪਾਕਿਸਤਾਨੀ ਡਰੋਨ, ਜਾਣੋ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਪੰਜਾਬ ਵਿੱਚ ਕੀ ਹੋਇਆ
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਹਾਲਾਤਾਂ ਦੇ ਦਰਮਿਆਨ, ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਡਰੋਨ ਗਤੀਵਿਧੀਆਂ ਵਧ ਗਈਆਂ ਹਨ। ਸੋਮਵਾਰ ਰਾਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ਦਿੱਤੇ ਗਏ ਸਖ਼ਤ ਸੰਦੇਸ਼ ਤੋਂ ਕੁਝ ਪਲ ਬਾਅਦ ਹੀ, ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਾਕਿਸਤਾਨੀ ਡਰੋਨਾਂ ਦੇ ਦਾਖਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਜਲੰਧਰ ਦੇ ਪਿੰਡ ਮੀਰਪੁਰ ‘ਚ ਇੱਕ ਡਰੋਨ ਹਵਾ ਵਿੱਚ ਹੀ ਡੇਗ ਦਿੱਤਾ ਗਿਆ, ਜਿਸ ਦੀ ਪੁਸ਼ਟੀ ਜਿਲ੍ਹਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀ ਵੱਲੋਂ ਕੀਤੀ ਗਈ ਹੈ।
ਡੀਸੀ ਹਿਮਾਂਸ਼ੂ ਅਗਰਵਾਲ ਨੇ ਕੀਤੀ ਪੁਸ਼ਟੀ
ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਰਾਤ 9:20 ਵਜੇ ਪਿੰਡ ਮੰਡ ਨੇੜੇ ਸੁਰੱਖਿਆ ਬਲਾਂ ਨੇ ਇੱਕ ਨਿਗਰਾਨੀ ਡਰੋਨ ਨੂੰ ਡੇਗ ਦਿੱਤਾ। ਉਨ੍ਹਾਂ ਕਿਹਾ ਕਿ ਮਾਹਰ ਟੀਮ ਮਲਬੇ ਦੀ ਭਾਲ ਕਰ ਰਹੀ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਤੇ ਡਰੋਨ ਦੇ ਅੰਸ਼ ਮਿਲਣ, ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇ।
ਚਸ਼ਮਦੀਦ ਜਗਦੀਪ ਸਿੰਘ ਨੇ ਦਿੱਤੀ ਜਾਣਕਾਰੀ
ਪਿੰਡ ਮੀਰਪੁਰ ਦੇ ਨਿਵਾਸੀ ਜਗਦੀਪ ਸਿੰਘ ਨੇ ਦੱਸਿਆ ਕਿ ਰਾਤ 9:15 ਵਜੇ ਉਸਨੇ ਅਸਮਾਨ ‘ਚ ਚਮਕਦਾਰ ਚਿੱਟੀ ਰੋਸ਼ਨੀ ਦੇਖੀ, ਜੋ ਬਾਅਦ ‘ਚ ਲਾਲ ਬੱਤੀਆਂ ‘ਚ ਬਦਲ ਗਈ। ਥੋੜ੍ਹੀ ਦੇਰ ‘ਚ ਇੱਕ ਤੇਜ਼ ਧਮਾਕਾ ਹੋਇਆ ਜਿਸ ਤੋਂ ਇਲਾਕਾ ਕੰਬ ਗਿਆ। ਜਗਦੀਪ ਨੇ ਸੋਸ਼ਲ ਮੀਡੀਆ ‘ਤੇ ਵੀ ਘਟਨਾ ਦੀ ਲਾਈਵ ਰਿਪੋਰਟਿੰਗ ਕੀਤੀ ਅਤੇ ਲੋਕਾਂ ਨੂੰ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ।
ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ‘ਚ ਵੀ ਅਲਰਟ
ਪੂਰੇ ਘਟਨਾ-ਚੱਕਰ ਦੇ ਮੱਦੇਨਜ਼ਰ, ਅੰਮ੍ਰਿਤਸਰ ‘ਚ ਰਾਤ ਨੂਂ ਬਲੈਕਆਊਟ ਕੀਤਾ ਗਿਆ ਅਤੇ ਹਵਾਈ ਅੱਡੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ। ਇੰਡੀਗੋ ਦੀ ਦਿੱਲੀ ਤੋਂ ਆ ਰਹੀ ਇੱਕ ਉਡਾਣ, ਜੋ 9:10 ਵਜੇ ਅੰਮ੍ਰਿਤਸਰ ਲੈਂਡ ਕਰਣੀ ਸੀ, ਨੂੰ ਦਿੱਲੀ ਵਾਪਸ ਭੇਜਣਾ ਪਿਆ। ਇਥੇ ਵੀ ਸਾਇਰਨ ਵੱਜੇ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ।
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਦਸੂਹਾ ਅਤੇ ਮੁਕੇਰੀਆਂ ਇਲਾਕਿਆਂ ਵਿੱਚ ਸਾਵਧਾਨੀ ਵਜੋਂ ਅੰਸ਼ਕ ਬਲੈਕਆਊਟ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ, ਪਰ ਜਾਗਰੂਕ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਪ੍ਰਸ਼ਾਸਨ ਦੀ ਅਪੀਲ
ਪੰਜਾਬ ਸਰਕਾਰ ਅਤੇ ਸੁਰੱਖਿਆ ਬਲਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕਪੂਰਨ ਗਤੀਵਿਧੀ ਜਾਂ ਵਸਤੂ ਬਾਰੇ ਤੁਰੰਤ ਪ੍ਰਸ਼ਾਸਨ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪਟਾਕਿਆਂ ਜਾਂ ਸ਼ੋਰ ਵਾਲੀਆਂ ਗਤੀਵਿਧੀਆਂ ਤੋਂ ਵੀ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਇਸ ਨਾਲ ਦਹਿਸ਼ਤ ਅਤੇ ਉਲਝਣ ਦਾ ਮਾਹੌਲ ਬਣ ਸਕਦਾ ਹੈ।
ਸਥਿਤੀ ‘ਤੇ ਨਜ਼ਰ
ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਿਗਰਾਨੀ ਜਾਰੀ ਹੈ। ਸਰਕਾਰੀ ਤੌਰ ‘ਤੇ ਕਿਹਾ ਗਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਲੋਕਾਂ ਨੂੰ ਸਾਵਧਾਨ ਅਤੇ ਸਹਿਯੋਗੀ ਬਣ ਕੇ ਕੰਮ ਕਰਨ ਦੀ ਲੋੜ ਹੈ।