ਭਾਰਤ ‘ਚ ਪਾਕਿਸਤਾਨੀ ਸਲੇਬਰਿਟੀਆਂ ਦੇ ਇੰਸਟਾਗ੍ਰਾਮ ਅਕਾਊਂਟ ਹੋਏ ਬਲੌਕ, ਹਾਨੀਆ ਆਮਿਰ ਤੇ ਮਾਹਿਰਾ ਖਾਨ ਵੀ ਲਿਸਟ ‘ਚ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਵਧਣ ਦੇ ਮੱਦੇਨਜ਼ਰ, ਭਾਰਤ ਸਰਕਾਰ ਵੱਲੋਂ ਡਿਜੀਟਲ ਪੱਧਰ ‘ਤੇ ਵੀ ਸਖ਼ਤੀ ਕੀਤੀ ਜਾ ਰਹੀ ਹੈ। ਸਰਹੱਦੀ ਸੁਰੱਖਿਆ ਤੋਂ ਇਲਾਵਾ ਹੁਣ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ਵਿੱਚ ਬਲੌਕ ਕੀਤੇ ਜਾ ਰਹੇ ਹਨ।
ਪ੍ਰਸਿੱਧ ਪਾਕਿਸਤਾਨੀ ਅਦਾਕਾਰਾਵਾਂ ਹਾਨੀਆ ਆਮਿਰ ਅਤੇ ਮਾਹਿਰਾ ਖਾਨ ਦੇ ਇੰਸਟਾਗ੍ਰਾਮ ਅਕਾਊਂਟ ਹੁਣ ਭਾਰਤੀ ਉਪਭੋਗਤਾਵਾਂ ਲਈ ਉਪਲੱਬਧ ਨਹੀਂ ਹਨ। ਜਦੋਂ ਇਹ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਸਕ੍ਰੀਨ ‘ਤੇ ਸੂਚਨਾ ਆਉਂਦੀ ਹੈ ਕਿ, “ਇਹ ਅਕਾਊਂਟ ਭਾਰਤ ਵਿੱਚ ਉਪਲੱਬਧ ਨਹੀਂ ਹੈ। ਅਜਿਹਾ ਕਾਨੂੰਨੀ ਬੇਨਤੀ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ ਹੈ।”
ਹਾਲਾਂਕਿ, ਅਦਾਕਾਰ ਫਵਾਦ ਖਾਨ, ਗਾਇਕ ਅਲੀ ਸੇਠੀ ਅਤੇ ਸ਼ੇ ਗਿੱਲ ਦੇ ਇੰਸਟਾਗ੍ਰਾਮ ਅਕਾਊਂਟ ਅਜੇ ਵੀ ਭਾਰਤ ਵਿੱਚ ਪਹੁੰਚਯੋਗ ਹਨ। ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਇਹ ਫੈਸਲੇ ਸਿਰਫ GPS ਲੋਕੇਸ਼ਨ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ ਜਾਂ ਹਜੇ ਵੀ ਕੁਝ ਅਕਾਊਂਟਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਾਕੀ ਹੈ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ਦੀ ਬੈਸਾਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ‘ਚ 26 ਸੈਲਾਨੀਆਂ ਅਤੇ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਰਿਪੋਰਟਾਂ ਅਨੁਸਾਰ, ਇਹ ਹਮਲਾ ਪਾਕਿਸਤਾਨ ਦੀ ਸ਼ੈਲਟਰ ਹੇਠ ਆਏ ਅੱਤਵਾਦੀਆਂ ਵੱਲੋਂ ਕੀਤਾ ਗਿਆ ਸੀ, ਜੋ ਦੂਜੀ ਪੀੜ੍ਹੀ ਦੇ ਮੋਬਾਈਲ ਤੇ ਐੱਸ.ਐੱਮ.ਐੱਸ. ਵਰਤ ਕੇ ਨਿਗਰਾਨੀ ਤੋਂ ਬਚਦੇ ਰਹੇ।
ਇਸ ਤਾਜ਼ਾ ਤਣਾਅ ਦੀ ਲਹਿਰ ਨੇ ਨਾ ਸਿਰਫ ਸਿਆਸੀ ਜਾਂ ਫੌਜੀ ਪੱਧਰ ‘ਤੇ, ਸਗੋਂ ਡਿਜੀਟਲ ਦੁਨੀਆ ‘ਚ ਵੀ ਭਾਰਤ ਦੀ ਨੀਤੀ ‘ਚ ਤੀਖਾਪਨ ਲਿਆ ਦਿੱਤਾ ਹੈ।