ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ 15 ਥਾਵਾਂ ‘ਤੇ ਹਮਲੇ ਦੀ ਕੋਸ਼ਿਸ਼
ਭਾਰਤ ਵੱਲੋਂ ਅੱਤਵਾਦ ਖਿਲਾਫ਼ ਚਲਾਏ ਗਏ “ਆਪ੍ਰੇਸ਼ਨ ਸਿੰਦੂਰ” ਤੋਂ ਬਾਅਦ ਪਾਕਿਸਤਾਨ ਨੇ ਬੀਤੀ ਰਾਤ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਪਾਕਿਸਤਾਨ ਨੇ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਾਲ, ਫਲੋਡੀ, ਭੁੱਜ ਅਤੇ ਉਤਾਰਲਾਈ ਸਮੇਤ ਕੁੱਲ 15 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਸੂਤਰਾਂ ਅਨੁਸਾਰ, ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਤੁਰੰਤ ਕਾਰਵਾਈ ਕਰਦਿਆਂ ਵਾਯੁਮੰਡਲ ਵਿਚ ਹੀ ਇਨ੍ਹਾਂ ਹਮਲਾਵਾਰ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।
ਭਾਰਤ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਦੇਸ਼ ਦੀ ਹਵਾਈ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹੈ।
ਇਸ ਹਮਲੇ ਦੀ ਕੋਸ਼ਿਸ਼ ਨਾਲ ਦੱਖਣੀ ਏਸ਼ੀਆ ‘ਚ ਤਣਾਅ ਹੋਰ ਵਧਣ ਦੇ ਆਸਾਰ ਹਨ, ਪਰ ਭਾਰਤ ਨੇ ਆਪਣੇ ਰੁਖ ‘ਚ ਕਹਿ ਦਿੱਤਾ ਹੈ ਕਿ ਦੇਸ਼ ਦੀ ਸੰਪੂਰਨਤਾ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।