ਪਹਿਲਗਾਮ ਹਮਲਾ: ਭਾਰਤ ਪਰਤਦਿਆਂ ਹੀ ਐਕਸ਼ਨ ‘ਚ PM ਮੋਦੀ, ਏਅਰਪੋਰਟ ‘ਤੇ ਹੀ ਹਾਈ ਲੈਵਲ ਮੀਟਿੰਗ ਸੱਦੀ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਐਕਸ਼ਨ ਲੈ ਲਿਆ ਹੈ। ਇਸ ਹਮਲੇ ਵਿੱਚ 30 ਤੋਂ ਵੱਧ ਸੈਲਾਨੀਆਂ ਦੀ ਗੋਲੀਆਂ ਮਾਰ ਕੇ ਨਿਰਦਈ ਤਰੀਕੇ ਨਾਲ ਹੱਤਿਆ ਕੀਤੀ ਗਈ, ਜੋ ਕਿ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ, ਹਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਾਊਦੀ ਅਰਬ ਯਾਤਰਾ ਅਧੂਰੀ ਛੱਡ ਕੇ ਤੁਰੰਤ ਭਾਰਤ ਵਾਪਸੀ ਕੀਤੀ। ਦਿੱਲੀ ਏਅਰਪੋਰਟ ’ਤੇ ਪਹੁੰਚਣ ਦੀ ਦੇਰ ਸੀ ਕਿ ਉਨ੍ਹਾਂ ਨੇ ਹਾਈ ਲੈਵਲ ਐਮਰਜੈਂਸੀ ਮੀਟਿੰਗ ਬੁਲਾਈ।
ਇਸ ਮੀਟਿੰਗ ਵਿਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਉਨ੍ਹਾਂ ਨੂੰ ਹਮਲੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।
ਜਾਣਕਾਰੀ ਅਨੁਸਾਰ, ਮੋਦੀ ਨੇ ਸਾਊਦੀ ਅਰਬ ਵਿੱਚ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਇਕ ਮੁਲਾਕਾਤ ਕੀਤੀ ਸੀ, ਪਰ ਬਾਕੀ ਕਾਰਜਕ੍ਰਮ ਰੱਦ ਕਰਕੇ ਉਹ ਸਵੇਰੇ ਹੀ ਭਾਰਤ ਪਰਤ ਆਏ। ਹੁਣ ਉਨ੍ਹਾਂ ਨੇ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਕੈਬਨਿਟ ਕਮੇਟੀ ਦੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ।
ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਕੇਂਦਰ ਸਰਕਾਰ ਵੱਲੋਂ ਕੱਟੜ ਕਾਰਵਾਈ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।