ਬਟਾਲਾ ਦੇ ਪਿੰਡਾਂ ‘ਚ NIA ਦੀ ਛਾਪੇਮਾਰੀ, 6 ਘੰਟਿਆਂ ਤੱਕ ਚੱਲੀ ਕਾਰਵਾਈ
ਬਟਾਲਾ ਪੁਲਸ ਜ਼ਿਲ੍ਹੇ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਅਤੇ ਢਿੱਲਵਾਂ ‘ਚ ਅੱਜ ਸਵੇਰੇ ਤੜਕਸਾਰ ਐਨਆਈਏ ਦੀ ਟੀਮ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਰੇਡ ਕੀਤੀ ਗਈ। ਇਹ ਕਾਰਵਾਈ ਲਗਭਗ 6 ਘੰਟਿਆਂ ਤੱਕ ਜਾਰੀ ਰਹੀ।
108 ਐਂਬੂਲੈਂਸ ਕਰਮਚਾਰੀ ਗੁਰਸਿਮਰਨ ਸਿੰਘ ਤੋਂ ਪੁੱਛਗਿੱਛ
ਪਿੰਡ ਢਿੱਲਵਾਂ ਦੇ ਨਿਵਾਸੀ ਗੁਰਸਿਮਰਨ ਸਿੰਘ ਪੁੱਤਰ ਗੁਰਨਾਮ ਸਿੰਘ, ਜੋ ਕਿ 108 ਐਂਬੂਲੈਂਸ ‘ਚ ਡਿਊਟੀ ਕਰਦੇ ਹਨ, ਉਨ੍ਹਾਂ ਦੇ ਘਰ ‘ਚ ਐਨਆਈਏ ਦੀ ਟੀਮ ਨੇ ਪੁੱਛਗਿੱਛ ਕੀਤੀ।
ਹੋਰ ਨੌਜਵਾਨਾਂ ਦੇ ਘਰ ਵੀ ਛਾਪੇ
ਇਸੇ ਤਰ੍ਹਾਂ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ ਨੌਜਵਾਨ ਜਗਰੂਪ ਸਿੰਘ ਅਤੇ ਮਨਦੀਪ ਸਿੰਘ ਸੋਨੂੰ ਦੇ ਘਰ ਵੀ ਐਨਆਈਏ ਦੀ ਟੀਮ ਨੇ ਛਾਪੇਮਾਰੀ ਕਰਕੇ ਛਾਣਬੀਣ ਕੀਤੀ। ਦੋਵੇਂ ਨੌਜਵਾਨਾਂ ਤੋਂ ਵੀ ਲਗਾਤਾਰ ਪੁੱਛਗਿੱਛ ਕੀਤੀ ਗਈ ਤੇ ਘਰਾਂ ਦੀ ਤਲਾਸ਼ੀ ਲਈ ਗਈ।
NIA ਟੀਮ ਨੇ ਨਹੀਂ ਦਿੱਤਾ ਮੀਡੀਆ ਨੂੰ ਕੋਈ ਬਿਆਨ
ਐਨਆਈਏ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਕਾਰਵਾਈ ਦੌਰਾਨ ਪੂਰੀ ਤਰ੍ਹਾਂ ਚੁੱਪੀ ਬਰਕਰਾਰ ਰੱਖੀ ਗਈ।
ਮਨਦੀਪ ਸਿੰਘ ਨੇ ਦਿੱਤੀ ਸਫਾਈ
ਨੌਜਵਾਨ ਮਨਦੀਪ ਸਿੰਘ ਸੋਨੂੰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਅੰਮ੍ਰਿਤਸਰ ਦੇ ਇੱਕ ਢਾਬੇ ‘ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਕਿਸੇ ਵੀ ਗੈਂਗਸਟਰ ਜਾਂ ਅਪਰਾਧੀ ਗਤੀਵਿਧੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਨਦੀਪ ਨੇ ਇਹ ਵੀ ਕਿਹਾ ਕਿ ਉਹ ਐਨਆਈਏ ਦੀ ਜਾਂਚ ਦੌਰਾਨ ਪੂਰਾ ਸਹਿਯੋਗ ਕਰੇਗਾ।