ਐੱਨ.ਆਈ.ਏ. ਦੀ ਪੰਜਾਬ ‘ਚ ਵੱਡੀ ਕਾਰਵਾਈ, 15 ਥਾਵਾਂ ‘ਤੇ ਛਾਪੇਮਾਰੀ, ਬੱਬਰ ਖਾਲਸਾ ਨਾਲ ਸੰਬੰਧਿਤ ਸਾਜ਼ਿਸ਼ਾਂ ਦਾ ਖੁਲਾਸਾ
ਪੰਜਾਬ ‘ਚ ਅੱਤਵਾਦ ਵਿਰੋਧੀ ਮੁਹਿੰਮ ਦੇ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਵੱਡੀ ਕਾਰਵਾਈ ਕਰਦਿਆਂ ਸੂਬੇ ਦੇ 15 ਥਾਵਾਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪਿਛਲੇ ਸਾਲ ਦਸੰਬਰ ਵਿੱਚ ਗੁਰਦਾਸਪੁਰ ਦੇ ਘਣੀਏ ਕੇ ਬਾਂਗਰ ਪੁਲਸ ਸਟੇਸ਼ਨ ‘ਤੇ ਹੋਏ ਗ੍ਰੇਨੇਡ ਹਮਲੇ ਨਾਲ ਸਬੰਧਤ ਜਾਂਚ ਦੇ ਤਹਿਤ ਕੀਤੀ ਗਈ।
ਜਾਣਕਾਰੀ ਮੁਤਾਬਕ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਕੀਤੀ ਗਈ ਇਹ ਛਾਪੇਮਾਰੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੀਆਂ ਗਤੀਵਿਧੀਆਂ ਦੀ ਜਾਂਚ ਨੂੰ ਲੈ ਕੇ ਹੋਈ। ਇਸ ਦੌਰਾਨ ਐਨਆਈਏ ਨੇ ਕਈ ਮੋਬਾਈਲ, ਡਿਜੀਟਲ ਡਿਵਾਈਸਾਂ, ਦਸਤਾਵੇਜ਼ ਅਤੇ ਹੋਰ ਅਪਰਾਧਿਕ ਸਬੂਤ ਕਬਜ਼ੇ ‘ਚ ਲਏ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰੇਨੇਡ ਹਮਲੇ ਦੀ ਯੋਜਨਾ ਪਾਕਿਸਤਾਨ ਆਧਾਰਤ BKI ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਜ਼ਦੀਕੀ ਸਹਿਯੋਗੀ ਹੈਪੀ ਪਛੀਆ ਵੱਲੋਂ ਬਣਾਈ ਗਈ ਸੀ। ਉਨ੍ਹਾਂ ਦੇ ਨਿਰਦੇਸ਼ ‘ਤੇ ਮੁਲਜ਼ਮ ਸ਼ਮਸ਼ੇਰ ਅਤੇ ਉਸ ਦੇ ਸਾਥੀ ਹਮਲੇ ਦੀ ਤਿਆਰੀ ਕਰ ਰਹੇ ਸਨ।
ਐੱਨ.ਆਈ.ਏ. ਨੇ ਕਿਹਾ ਕਿ BKI ਦੇ ਵਿਦੇਸ਼ਾਂ ‘ਚ ਮੌਜੂਦ ਗੁਰਗੇ ਭਾਰਤ ਵਿੱਚ ਆਪਣੇ ਨੈੱਟਵਰਕ ਰਾਹੀਂ ਨਵੇਂ ਭਰਤੀ ਕਰਨਾ, ਉਨ੍ਹਾਂ ਨੂੰ ਸਿਖਲਾਈ ਦੇਣਾ, ਫੰਡਿੰਗ, ਹਥਿਆਰ ਅਤੇ ਵਿਸਫੋਟਕ ਪਹੁੰਚਾਉਣਾ ਜਿਵੇਂ ਕੰਮਾਂ ‘ਚ ਲੱਗੇ ਹੋਏ ਹਨ। ਇਹ ਸਾਜ਼ਿਸ਼ਾਂ ਵਿਦੇਸ਼ਾਂ, ਖ਼ਾਸ ਕਰਕੇ ਪਾਕਿਸਤਾਨ ਵਿੱਚ ਬੈਠੇ ਹੰਦਲਰਾਂ ਵੱਲੋਂ ਚਲਾਈ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਭਾਰਤ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣਾ ਹੈ।
ਐਜੰਸੀ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਅੱਤਵਾਦੀ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।