ਆਨਲਾਈਨ ਬੇਟਿੰਗ ਦੇ ਜਾਲ ’ਚ ਫਸਿਆ ਨੌਜਵਾਨ, 75 ਲੱਖ ਰੁਪਏ ਦੀ ਸਾਈਬਰ ਠੱਗੀ

ਸਾਈਬਰ ਅਪਰਾਧ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਨਲਾਈਨ ਗੇਮਿੰਗ ਅਤੇ ਬੇਟਿੰਗ ਦੇ ਲਾਲਚ ਨੇ ਇੱਕ ਵਿਅਕਤੀ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ।

ਸਾਈਬਰ ਅਪਰਾਧ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਨਲਾਈਨ ਗੇਮਿੰਗ ਅਤੇ ਬੇਟਿੰਗ ਦੇ ਲਾਲਚ ਨੇ ਇੱਕ ਵਿਅਕਤੀ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ। ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਰਹਿਣ ਵਾਲੇ 32 ਸਾਲਾ ਨੌਜਵਾਨ ਨਾਲ ਲਗਭਗ ਪੰਜ ਸਾਲਾਂ ਤੱਕ ਚੱਲੀ ਠੱਗੀ ਦੌਰਾਨ ਕੁੱਲ 75 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ।

ਇਹ ਮਾਮਲਾ ਸਾਲ 2021 ਵਿੱਚ ਸ਼ੁਰੂ ਹੋਇਆ, ਜਦੋਂ ਪੀੜਤ ਨੂੰ WhatsApp ’ਤੇ ਇੱਕ ਅਣਜਾਣ ਵਿਅਕਤੀ ਵੱਲੋਂ ਸੰਦੇਸ਼ ਮਿਲਿਆ। ਸੰਦੇਸ਼ ਭੇਜਣ ਵਾਲੇ ਨੇ ਆਪਣੇ ਆਪ ਨੂੰ ਆਨਲਾਈਨ ਬੇਟਿੰਗ ਗੇਮਾਂ ਦੀ ਪ੍ਰਮੋਸ਼ਨਲ ਟੀਮ ਦਾ ਮੈਂਬਰ ਦੱਸਿਆ ਅਤੇ ਕ੍ਰਿਕਟ, ਤੀਨ ਪੱਤੀ ਅਤੇ ਕੈਸੀਨੋ ਵਰਗੀਆਂ ਖੇਡਾਂ ਰਾਹੀਂ ਵੱਡੀ ਕਮਾਈ ਦੇ ਸੁਪਨੇ ਦਿਖਾਏ। ਸ਼ੁਰੂਆਤ ਵਿੱਚ ਪੀੜਤ ਨੇ 10 ਹਜ਼ਾਰ ਰੁਪਏ ਲਗਾਏ ਅਤੇ ਕੁਝ ਰਕਮ ਰਿਟਰਨ ਵਜੋਂ ਮਿਲਣ ’ਤੇ ਉਸ ਦਾ ਭਰੋਸਾ ਬਣ ਗਿਆ। ਪਰ ਥੋੜ੍ਹੇ ਸਮੇਂ ਬਾਅਦ ਉਸ ਦੀ ਸਾਰੀ ਰਕਮ ਡੁੱਬ ਗਈ।

ਇਸ ਤੋਂ ਬਾਅਦ ਸਾਲ 2022 ਵਿੱਚ ਠੱਗਾਂ ਨੇ ਮੁੜ ਸੰਪਰਕ ਕੀਤਾ ਅਤੇ ਇੱਕ ਹੋਰ ਆਨਲਾਈਨ ਪਲੇਟਫਾਰਮ ’ਤੇ ਨਿਵੇਸ਼ ਕਰਨ ਲਈ ਮਨਾ ਲਿਆ। ਇਹ ਠੱਗੀ ਦਾ ਸਿਲਸਿਲਾ 2025 ਤੱਕ ਚੱਲਦਾ ਰਿਹਾ, ਜਿਸ ਦੌਰਾਨ ਪੀੜਤ ਨੇ ਵੱਖ-ਵੱਖ ਬੈਂਕ ਖਾਤਿਆਂ, UPI ਆਈਡੀ ਅਤੇ ਮੋਬਾਈਲ ਨੰਬਰਾਂ ਰਾਹੀਂ ਕੁੱਲ 75 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਜਦੋਂ ਉਸ ਨੇ ਆਪਣੀ ਰਕਮ ਵਾਪਸ ਕਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਤਾ ਲੱਗਾ ਕਿ ਉਹ ਵੱਡੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ।

ਪੁਲਸ ਦੀ ਜਨਤਕ ਚਿਤਾਵਨੀ

ਇਸ ਮਾਮਲੇ ਤੋਂ ਬਾਅਦ ਤੇਲੰਗਾਨਾ ਪੁਲਸ ਨੇ ਆਮ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਸਲਾਹ ਦਿੱਤੀ ਹੈ ਕਿ ਗੈਰ-ਕਾਨੂੰਨੀ ਆਨਲਾਈਨ ਬੇਟਿੰਗ ਅਤੇ ਕੈਸੀਨੋ ਪਲੇਟਫਾਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਈਬਰ ਠੱਗ ਅਕਸਰ WhatsApp, Telegram, SMS ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦੇ ਹਨ ਅਤੇ ਸ਼ੁਰੂ ਵਿੱਚ ਥੋੜ੍ਹਾ ਲਾਭ ਦਿਖਾ ਕੇ ਭਰੋਸਾ ਜਿੱਤ ਲੈਂਦੇ ਹਨ। ਵੱਡੀ ਰਕਮ ਮਿਲਣ ਮਗਰੋਂ ਇਹ ਪਲੇਟਫਾਰਮ ਅਤੇ ਸੰਪਰਕ ਨੰਬਰ ਬੰਦ ਕਰ ਦਿੱਤੇ ਜਾਂਦੇ ਹਨ।

ਪੁਲਸ ਨੇ ਅਪੀਲ ਕੀਤੀ ਹੈ ਕਿ ਘੱਟ ਸਮੇਂ ਵਿੱਚ ਮੋਟੀ ਕਮਾਈ ਦੇ ਝੂਠੇ ਦਾਅਵਿਆਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਸ਼ੱਕੀ ਆਨਲਾਈਨ ਲਿੰਕ ਜਾਂ ਪਲੇਟਫਾਰਮ ’ਤੇ ਪੈਸਾ ਲਗਾਉਣ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ।