ਧਨਤੇਰਸ 'ਤੇ ਨਹੀਂ ਖਰੀਦ ਸਕਦੇ ਸੋਨਾ-ਚਾਂਦੀ ਤਾਂ ਇਹ ਸਸਤੀਆਂ ਚੀਜ਼ਾਂ ਵੀ ਘਰ 'ਚ ਲਿਆ ਸਕਦੀਆਂ ਨੇ ਖੁਸ਼ਹਾਲੀ

ਧਨਤੇਰਸ 'ਤੇ ਕੁਝ ਸਸਤੀ ਚੀਜ਼ਾਂ ਵੀ ਖਰੀਦੀਆਂ ਜਾ ਸਕਦੀਆਂ ਹਨ ਜੋ ਧਨ ਤੇ ਸੁੱਖ ਦੀ ਪ੍ਰਤੀਕ ਮੰਨੀਆਂ ਜਾਂਦੀਆਂ ਹਨ।
ਧਨਤੇਰਸ ਦਾ ਤਿਉਹਾਰ ਆਰੰਭ ਹੋਣ ਨਾਲ ਹੀ ਹਰ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ। ਲੋਕ ਇਸ ਦਿਨ ਸੋਨਾ, ਚਾਂਦੀ ਜਾਂ ਭਾਂਡੇ ਖਰੀਦਣਾ ਸ਼ੁਭ ਮੰਨਦੇ ਹਨ। ਪਰ ਜੇ ਤੁਸੀਂ ਵੱਡਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਚਿੰਤਾ ਦੀ ਕੋਈ ਲੋੜ ਨਹੀਂ — ਕਿਉਂਕਿ ਧਨਤੇਰਸ 'ਤੇ ਕੁਝ ਸਸਤੀ ਚੀਜ਼ਾਂ ਵੀ ਖਰੀਦੀਆਂ ਜਾ ਸਕਦੀਆਂ ਹਨ ਜੋ ਧਨ ਤੇ ਸੁੱਖ ਦੀ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਆਓ ਜਾਣੀਏ ਉਹ ਚੀਜ਼ਾਂ ਜਿਨ੍ਹਾਂ ਨੂੰ ਖਰੀਦਣਾ ਲਿਆਉਂਦਾ ਹੈ ਘਰ ਵਿੱਚ ਖੁਸ਼ਹਾਲੀ।

1. ਗੁੱਲਕ 

ਧਨਤੇਰਸ ਦੇ ਦਿਨ ਮਿੱਟੀ ਦੀ ਗੁੱਲਕ ਖਰੀਦਣਾ ਤੇ ਉਸ ਵਿੱਚ ਪਹਿਲਾ ਸਿੱਕਾ ਪਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਆਰਥਿਕ ਸਥਿਰਤਾ ਦਾ ਪ੍ਰਤੀਕ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੈਸੇ ਦੀ ਬਚਤ ਵਧਦੀ ਹੈ।

2️. ਧਨੀਏ ਦੇ ਬੀਜ

ਧਨਤੇਰਸ ਦੀ ਪੂਜਾ ਦੌਰਾਨ ਧਨੀਏ ਦੇ ਬੀਜ ਖਰੀਦ ਕੇ ਘਰ ਵਿੱਚ ਰੱਖਣ ਦੀ ਰਿਵਾਇਤ ਹੈ। ਧਨੀਆ "ਧਨ" ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੂਜਾ ਤੋਂ ਬਾਅਦ ਇਹ ਬੀਜ ਬੀਜੇ ਜਾਂਦੇ ਹਨ ਤਾਂ ਜੋ ਘਰ ਵਿੱਚ ਲਗਾਤਾਰ ਵਾਧਾ ਹੋਵੇ।

3️. ਮਿੱਟੀ ਦੇ ਦੀਵੇ

ਮਾਂ ਲਕਸ਼ਮੀ ਦਾ ਸਵਾਗਤ ਕਰਨ ਲਈ ਮਿੱਟੀ ਦੇ ਦੀਵੇ ਜਰੂਰ ਖਰੀਦੋ। ਇਹ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਅਤੇ ਗਰੀਬੀ ਤੇ ਅੰਧਕਾਰ ਦੂਰ ਕਰਨ ਦਾ ਪ੍ਰਤੀਕ ਮੰਨੇ ਜਾਂਦੇ ਹਨ।

4. ਪਿੱਤਲ ਜਾਂ ਚਾਂਦੀ ਦਾ ਸਿੱਕਾ

ਜੇ ਸੋਨਾ ਖਰੀਦਣਾ ਸੰਭਵ ਨਾ ਹੋਵੇ ਤਾਂ ਪਿੱਤਲ ਜਾਂ ਚਾਂਦੀ ਦਾ ਛੋਟਾ ਸਿੱਕਾ ਵੀ ਖਰੀਦਿਆ ਜਾ ਸਕਦਾ ਹੈ। ਇਹ ਸਿੱਕੇ ਮਾਂ ਲਕਸ਼ਮੀ ਤੇ ਭਗਵਾਨ ਵਿਸ਼ਣੂ ਨੂੰ ਸਮਰਪਿਤ ਕਰਕੇ ਘਰ ਵਿੱਚ ਸੰਭਾਲ ਕੇ ਰੱਖੇ ਜਾਂਦੇ ਹਨ।

5️. ਤੁਲਸੀ ਦਾ ਪੌਦਾ

ਤੁਲਸੀ ਦਾ ਪੌਦਾ ਪਵਿੱਤਰਤਾ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ। ਧਨਤੇਰਸ ਦੇ ਦਿਨ ਤੁਲਸੀ ਦਾ ਪੌਦਾ ਲਿਆ ਕੇ ਘਰ ਵਿੱਚ ਲਗਾਉਣਾ ਸਿਹਤ ਅਤੇ ਆਤਮਕ ਸੁੱਖ ਲਈ ਬਹੁਤ ਮੰਗਲਕ ਮੰਨਿਆ ਜਾਂਦਾ ਹੈ।

6. ਤਾਂਬੇ ਦੇ ਭਾਂਡੇ

ਧਨਤੇਰਸ 'ਤੇ ਤਾਂਬੇ ਦੇ ਭਾਂਡੇ ਖਰੀਦਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਰਾਤਮਕ ਊਰਜਾ ਵਧਦੀ ਹੈ ਅਤੇ ਸਿਹਤ 'ਚ ਸੁਧਾਰ ਹੁੰਦਾ ਹੈ। ਪੂਜਾ ਨਾਲ ਜੁੜੀਆਂ ਤਾਂਬੇ ਦੀਆਂ ਵਸਤੂਆਂ ਜਾਂ ਕਾਂਸੀ ਦੇ ਭਾਂਡੇ ਅਤੇ ਸਜਾਵਟੀ ਚੀਜ਼ਾਂ ਵੀ ਇਸ ਦਿਨ ਘਰ ਲਿਆਉਣਾ ਚੰਗਾ ਮੰਨਿਆ ਜਾਂਦਾ ਹੈ। 

7. ਝਾੜੂ

ਝਾੜੂ ਨੂੰ ਮਾਂ ਲਕਸ਼ਮੀ ਦਾ ਸਵਰੂਪ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਨਵਾਂ ਝਾੜੂ ਖਰੀਦਣਾ ਸ਼ੁੱਭ ਹੁੰਦਾ ਹੈ। ਅਜਿਹਾ ਕਰਨ ਨਾਲ ਗ਼ਰੀਬੀ ਦੂਰ ਹੁੰਦੀ ਹੈ ਅਤੇ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।