ਕੱਲ੍ਹ ਪੰਜਾਬ ਆਉਣਗੇ PM ਮੋਦੀ, ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ

ਹੜ੍ਹ ਪੀੜਤ ਖੇਤਰਾਂ ਦੇ ਨਦੀ ਕੰਢਿਆਂ ਤੇ ਹੋ ਰਹੀ ਗ਼ੈਰ ਕਾਨੂੰਨੀ ਰੇਤ ਮਾਈਨਿੰਗ ਅਤੇ ਨਦੀ ਪੱਟੜੀਆਂ ਦੀ ਹਾਲਤ ਵੀ ਚੈੱਕ ਕਰਨਗੇ, ਜਿਨ੍ਹਾਂ ਕਰਕੇ ਹੜ੍ਹਾਂ ਤੋਂ ਨੁਕਸਾਨ ਵਧਿਆ ਹੈ।

ਪੰਜਾਬ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਉਹ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਿਲਣਗੇ। ਪ੍ਰਧਾਨ ਮੰਤਰੀ ਹੜ੍ਹ ਪੀੜਤ ਖੇਤਰਾਂ ਦੇ ਨਦੀ ਕੰਢਿਆਂ ਤੇ ਹੋ ਰਹੀ ਗ਼ੈਰ ਕਾਨੂੰਨੀ ਰੇਤ ਮਾਈਨਿੰਗ ਅਤੇ ਨਦੀ ਪੱਟੜੀਆਂ ਦੀ ਹਾਲਤ ਵੀ ਚੈੱਕ ਕਰਨਗੇ, ਜਿਨ੍ਹਾਂ ਕਰਕੇ ਹੜ੍ਹਾਂ ਤੋਂ ਨੁਕਸਾਨ ਵਧਿਆ ਹੈ।

ਸਰਕਾਰੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਤੋਂ ਬਾਅਦ ਉਹ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਣਗੇ। ਸੁਰੱਖਿਆ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਲਈ ਕੇਂਦਰ ਵੱਲੋਂ ਰਾਹਤ ਪੈਕੇਜ ਹੜ੍ਹ ਪੀੜਤ ਲੋਕਾਂ ਦੀ ਤੁਰੰਤ ਸਹਾਇਤਾ, ਕਿਸਾਨਾਂ ਦੇ ਕਰਜ਼ ਮੁਆਫ਼ੀ, ਘਰਾਂ ਨੂੰ ਦੁਬਾਰਾ ਬਣਵਾਉਣ, ਬਿਜਲੀ ਅਤੇ ਸੜਕਾਂ ਦੀ ਮੁਰੰਮਤ ਸਮੇਤ ਹੋਰ ਯੋਜਨਾਵਾਂ ਨੂੰ ਵੀ ਕਵਰ ਕਰੇਗਾ ਹਾਲਾਂਕਿ ਪੂਰੀ ਵਿਸਥਾਰਿਕ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਮੋਦੀ ਸਰਕਾਰ ਪੰਜਾਬ ਦੀ ਮਦਦ ਲਈ ਤੁਰੰਤ ਅਤੇ ਵੱਡਾ ਰਾਹਤ ਪੈਕੇਜ ਦੇਣ ਲਈ ਵਿਚਾਰ ਕਰ ਸਕਦੀ ਹੈ।

ਗੌਰਤਲਬ ਹੈ ਕਿ ਹਾਲ ਹੀ ਵਿੱਚ ਹੜ੍ਹਾਂ ਅਤੇ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਇਸ ਪ੍ਰਸੰਗ ਵਿੱਚ ਪ੍ਰਧਾਨ ਮੰਤਰੀ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।