ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਕੋਲਡ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ (ਕੋਲਡ ਵੇਵ) ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰੇ-ਸ਼ਾਮ ਠੰਢ ਵੱਧ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਤਾਂ ਸ਼ਿਮਲਾ ਦੇ ਤਾਪਮਾਨ ਤੋਂ ਵੀ ਹੇਠਾਂ ਦਰਜ ਹੋ ਰਿਹਾ ਹੈ। ਰਾਜ ਦੇ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਰੋਤਾਂ ਅਨੁਸਾਰ, ਫਰੀਦਕੋਟ ਸਭ ਤੋਂ ਠੰਢਾ ਰਿਹਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 7.5 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਕੋਲਡ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ, ਪੱਛਮੀ ਗੜਬੜ ਹਰਿਆਣਾ ਦੇ ਉੱਪਰ ਬਣਿਆ ਹੋਇਆ ਹੈ, ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ ਅਤੇ ਜਲੰਧਰ ਵਿੱਚ ਅੱਜ ਸੀਤ ਲਹਿਰ ਚੱਲਣ ਦਾ ਅਨੁਮਾਨ ਹੈ। ਇਸ ਦੌਰਾਨ ਮੌਸਮ ਆਮ ਤੌਰ 'ਤੇ ਖੁਸ਼ਕ (ਸੁੱਕਾ) ਰਹੇਗਾ।

ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸੁੱਕਾ ਰਹਿਣ ਦੀ ਸੰਭਾਵਨਾ ਹੈ। ਕੁਝ ਚੋਣਵੇਂ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨਾ ਕੋਹਰਾ (ਧੁੰਦ) ਦਿਖਾਈ ਦੇ ਸਕਦਾ ਹੈ। ਅਗਲੇ ਦੋ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਉਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਤਾਪਮਾਨ ਵਿੱਚ 2–4°C ਤੱਕ ਦੀ ਗਿਰਾਵਟ ਦਰਜ ਹੋ ਸਕਦੀ ਹੈ, ਜਿਸ ਤੋਂ ਬਾਅਦ ਤਾਪਮਾਨ ਸਥਿਰ ਰਹਿਣ ਦੀ ਉਮੀਦ ਹੈ।