ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2025: ਭਾਰਤੀ ਬਾਕਸਰਾਂ ਨੇ ਰਚਿਆ ਇਤਿਹਾਸ, 9 ਗੋਲਡ ਜਿੱਤ ਕੇ ਬਣਾਇਆ ਰਿਕਾਰਡ

ਇਨ੍ਹਾਂ ਵਿੱਚੋਂ ਕੁੱਲ 15 ਭਾਰਤੀ ਮੁੱਕੇਬਾਜ਼ ਫਾਈਨਲ ਵਿੱਚ ਪਹੁੰਚੇ, ਜਿਨ੍ਹਾਂ ਵਿੱਚੋਂ 9 ਨੇ ਗੋਲਡ ਮੈਡਲ ਜਿੱਤੇ ਹਨ।
ਗ੍ਰੇਟਰ ਨੋਇਡਾ ਵਿੱਚ ਚੱਲ ਰਹੇ ਵਰਲਡ ਬਾਕਸਿੰਗ ਕੱਪ ਫਾਈਨਲਜ਼ 2025 ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ। 16 ਨਵੰਬਰ ਨੂੰ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਭਾਰਤ ਦੇ 20 ਮੁੱਕੇਬਾਜ਼ਾਂ (10 ਮਹਿਲਾਵਾਂ ਅਤੇ 10 ਪੁਰਸ਼ਾਂ) ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਕੁੱਲ 15 ਭਾਰਤੀ ਮੁੱਕੇਬਾਜ਼ ਫਾਈਨਲ ਵਿੱਚ ਪਹੁੰਚੇ, ਜਿਨ੍ਹਾਂ ਵਿੱਚੋਂ 9 ਨੇ ਗੋਲਡ ਮੈਡਲ ਜਿੱਤੇ ਹਨ।

ਭਾਰਤ ਦੀ ਝੋਲੀ ਵਿੱਚ ਆਏ ਕੁੱਲ 9 ਗੋਲਡ ਮੈਡਲਾਂ ਵਿੱਚੋਂ ਸੱਤ ਮਹਿਲਾ ਵਰਗ ਵਿੱਚ ਆਏ। ਦੋ ਵਾਰ ਦੀ ਵਰਲਡ ਚੈਂਪੀਅਨ ਨਿਖਤ ਜ਼ਰੀਨ ਨੇ 51 ਕਿਲੋ ਵਰਗ ਵਿੱਚ ਭਾਰਤ ਲਈ 5ਵਾਂ ਗੋਲਡ ਮੈਡਲ ਜਿੱਤਿਆ। ਮੋਢੇ ਦੀ ਸੱਟ ਕਾਰਨ ਇੱਕ ਸਾਲ ਲਈ ਰਿੰਗ ਤੋਂ ਬਾਹਰ ਰਹਿਣ ਤੋਂ ਬਾਅਦ, ਨਿਖਤ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਗੁਓ ਯਿ ਸ਼ੁਆਨ ਨੂੰ ਹਰਾਇਆ। ਮੀਨਾਕਸ਼ੀ ਹੁੱਡਾ ਨੇ 48 ਕਿਲੋ ਵਰਗ ਵਿੱਚ ਉਜ਼ਬੇਕਿਸਤਾਨ ਦੀ ਮੁੱਕੇਬਾਜ਼ ਨੂੰ ਹਰਾ ਕੇ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਪ੍ਰੀਤੀ ਪਵਾਰ ਨੇ 54 ਕਿਲੋ ਵਰਗ ਵਿੱਚ ਇਟਲੀ ਦੀ ਮੁੱਕੇਬਾਜ਼ ਨੂੰ ਹਰਾ ਕੇ ਦੂਜਾ ਗੋਲਡ ਮੈਡਲ ਪ੍ਰਾਪਤ ਕੀਤਾ। 

ਅਰੁੰਧਤੀ ਰੈੱਡੀ ਨੇ 70 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਮਾਰ ਕੇ ਭਾਰਤ ਦੀ ਗੋਲਡ ਮੈਡਲ ਦੀ ਹੈਟ੍ਰਿਕ ਪੂਰੀ ਕੀਤੀ। ਨੂਪੁਰ ਸ਼ਿਓਰਨ ਨੇ 80 ਕਿਲੋਗ੍ਰਾਮ ਵਰਗ ਵਿੱਚ ਉਜ਼ਬੇਕਿਸਤਾਨ ਦੀ ਓਲਟਿਨੋਏ ਨੂੰ 5-0 ਦੇ ਇਕਤਰਫ਼ਾ ਅੰਦਾਜ਼ ਵਿੱਚ ਹਰਾ ਕੇ ਖਿਤਾਬ ਜਿੱਤਿਆ। ਜੈਸਮੀਨ ਲੰਬੋਰੀਆ ਨੇ 57 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤਿਆ। ਕਈ ਮਹੀਨਿਆਂ ਬਾਅਦ ਵਾਪਸੀ ਕਰ ਰਹੀ ਪਰਵੀਨ ਹੁੱਡਾ ਨੇ 60 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਚੈਂਪੀਅਨ ਬਣੀ।


ਮਹਿਲਾ ਵਰਗ ਦੀ ਸਫਲਤਾ ਤੋਂ ਬਾਅਦ, ਪੁਰਸ਼ ਮੁੱਕੇਬਾਜ਼ਾਂ ਨੇ ਵੀ ਦੇਸ਼ ਲਈ ਗੋਲਡ ਮੈਡਲਾਂ ਦਾ ਖਾਤਾ ਖੋਲ੍ਹਿਆ। ਸਚਿਨ ਸਿਵਾਚ ਨੇ 60 ਕਿਲੋਗ੍ਰਾਮ ਵਰਗ ਵਿੱਚ ਭਾਰਤ ਲਈ ਪੁਰਸ਼ਾਂ ਦਾ ਪਹਿਲਾ ਅਤੇ ਟੂਰਨਾਮੈਂਟ ਦਾ 8ਵਾਂ ਗੋਲਡ ਮੈਡਲ ਜਿੱਤਿਆ। ਭਾਰਤੀ ਜਲ ਸੈਨਾ ਦੇ ਜਵਾਨ ਹਿਤੇਸ਼ ਗੂਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9ਵਾਂ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਇਆ।