ਔਰਤਾਂ ਨੂੰ ਮਿਲਣਗੇ 2100 ਰੁਪਏ ਮਹੀਨਾ! ਸਰਕਾਰ ਨੇ ਕੀਤਾ ਐਲਾਨ

ਹਰਿਆਣਾ ਦੀਆਂ ਅਣਵਿਆਹੀਆਂ ਅਤੇ ਵਿਆਹੀਆਂ ਔਰਤਾਂ ਨੂੰ 25 ਸਤੰਬਰ ਤੋਂ 2100 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮਿਲੇਗੀ।

ਹਰਿਆਣਾ ਸਰਕਾਰ ਨੇ ਔਰਤਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸਦਾ ਨਾਮ ਹੈ ਲਾਡੋ ਲਕਸ਼ਮੀ ਯੋਜਨਾ। ਇਸ ਯੋਜਨਾ ਦੇ ਤਹਿਤ, 23 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਹਰਿਆਣਾ ਦੀਆਂ ਅਣਵਿਆਹੀਆਂ ਅਤੇ ਵਿਆਹੀਆਂ ਔਰਤਾਂ ਨੂੰ 25 ਸਤੰਬਰ ਤੋਂ 2100 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮਿਲੇਗੀ। ਮੁੱਖ ਮੰਤਰੀ ਨਾਇਬ ਸੈਣੀ ਨੇ ਇਹ ਜਾਣਕਾਰੀ ਚੰਡੀਗੜ੍ਹ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਦਿੱਤੀ।

ਸਰਕਾਰ ਨੇ ਪਿਛਲੇ ਬਜਟ ਵਿੱਚ ਇਸ ਯੋਜਨਾ ਲਈ 5000 ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਹੈ। ਇਹ ਕਦਮ ਔਰਤਾਂ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪਹਿਲੇ ਪੜਾਅ ਵਿੱਚ 1 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਆਮਦਨ 1 ਲੱਖ ਰੁਪਏ ਤੋਂ ਘੱਟ ਹੈ। ਜੇਕਰ ਇੱਕ ਪਰਿਵਾਰ ਵਿੱਚ ਤਿੰਨ ਔਰਤਾਂ ਹਨ, ਤਾਂ ਸਾਰਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਹਾਲਾਂਕਿ, ਪਹਿਲਾਂ ਤੋਂ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਪਰਿਵਾਰ 'ਚ ਔਰਤਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ

ਇਸ ਯੋਜਨਾ ਦੇ ਤਹਿਤ ਇੱਕ ਪਰਿਵਾਰ 'ਚ ਔਰਤਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਜੇਕਰ ਇੱਕ ਪਰਿਵਾਰ 'ਚ 3 ਔਰਤਾਂ ਹਨ ਤਾਂ ਤਿੰਨੋਂ ਔਰਤਾਂ ਨੂੰ ਲਾਭ ਮਿਲੇਗਾ। ਸਰਕਾਰ ਦੁਆਰਾ ਪਹਿਲਾਂ ਹੀ ਚਲਾਈਆਂ ਜਾ ਰਹੀਆਂ 9 ਅਜਿਹੀਆਂ ਯੋਜਨਾਵਾਂ, ਜਿਨ੍ਹਾਂ 'ਚ ਬਿਨੈਕਾਰ ਪਹਿਲਾਂ ਹੀ ਵੱਧ ਰਕਮ ਦੀ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਰਿਹਾ ਹੈ, ਨੂੰ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਸਟੇਜ 3 ਤੇ 4 ਕੈਂਸਰ (ਔਰਤਾਂ), ਸੂਚੀਬੱਧ 54 ਦੁਰਲੱਭ ਬਿਮਾਰੀਆਂ, ਹੀਮੋਫਿਲੀਆ, ਥੈਲੇਸੀਮੀਆ ਅਤੇ ਸਿਕਲ ਸੈੱਲ ਤੋਂ ਪੀੜਤ ਮਰੀਜ਼ ਪਹਿਲਾਂ ਹੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ।

ਪਹਿਲੇ ਪੜਾਅ 'ਚ ਲਗਭਗ 20 ਲੱਖ ਔਰਤਾਂ ਨੂੰ ਮਿਲੇਗਾ ਲਾਭ

ਇਨ੍ਹਾਂ ਔਰਤਾਂ ਨੂੰ ਇਸ ਯੋਜਨਾ ਦਾ ਵਾਧੂ ਲਾਭ ਵੀ ਮਿਲੇਗਾ। ਜਿਸ ਦਿਨ ਕੋਈ ਅਣਵਿਆਹੀ ਲਾਭਪਾਤਰੀ 45 ਸਾਲ ਦੀ ਉਮਰ ਪੂਰੀ ਕਰ ਲਵੇਗੀ, ਉਹ ਆਪਣੇ ਆਪ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾ ਲਈ ਯੋਗ ਹੋ ਜਾਵੇਗੀ। ਜਿਸ ਦਿਨ ਲਾਭਪਾਤਰੀ ਔਰਤ 60 ਸਾਲ ਦੀ ਹੋ ਜਾਵੇਗੀ, ਉਹ ਆਪਣੇ ਆਪ ਬੁਢਾਪਾ ਸਨਮਾਨ ਭੱਤਾ ਪੈਨਸ਼ਨ ਯੋਜਨਾ ਲਈ ਯੋਗ ਹੋ ਜਾਵੇਗੀ। ਪਹਿਲੇ ਪੜਾਅ 'ਚ, ਲਗਭਗ 19-20 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਅੱਜ ਦੀ ਕੈਬਨਿਟ ਮੀਟਿੰਗ ਤੋਂ ਬਾਅਦ, ਆਉਣ ਵਾਲੇ 6 ਜਾਂ 7 ਦਿਨਾਂ 'ਚ, ਅਸੀਂ ਨਾ ਸਿਰਫ਼ ਯੋਜਨਾ ਦਾ ਗਜ਼ਟ ਨੋਟੀਫਿਕੇਸ਼ਨ ਕਰਾਂਗੇ, ਸਗੋਂ ਇੱਕ ਐਪ ਵੀ ਲਾਂਚ ਕਰਾਂਗੇ।