ਸਰਦੀਆਂ ਦਾ ਸੁਪਰਫੂਡ ‘ਪਾਲਕ’, ਦਿਲ ਤੋਂ ਲੈ ਕੇ ਚਮੜੀ ਤੱਕ ਰੱਖੇ ਸਿਹਤਮੰਦ

ਇਹ ਵਿਟਾਮਿਨ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਸਰਦੀਆਂ ਵਿੱਚ ਸਰੀਰ ਨੂੰ ਮਜ਼ਬੂਤ ਰੱਖਦੀ ਹੈ।
ਸਰਦੀਆਂ ਦੇ ਮੌਸਮ ਵਿੱਚ ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਸਿਹਤ ਲਈ ਬੇਹੱਦ ਲਾਭਦਾਇਕ ਮੰਨਿਆ ਜਾਂਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚੋਂ ਪਾਲਕ (Spinach) ਸਭ ਤੋਂ ਪੋਸ਼ਟਿਕ ਅਤੇ ਤੰਦਰੁਸਤੀ ਦੇਣ ਵਾਲੀ ਸਬਜ਼ੀ ਹੈ। ਇਹ ਵਿਟਾਮਿਨ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਸਰਦੀਆਂ ਵਿੱਚ ਸਰੀਰ ਨੂੰ ਮਜ਼ਬੂਤ ਰੱਖਦੀ ਹੈ।

ਪਾਲਕ ਖਾਣ ਦੇ ਮੁੱਖ ਫਾਇਦੇ-

1. ਰੋਗ-ਰੋਕੂ ਤਾਕਤ ਵਧਾਉਂਦੀ ਹੈ
ਸਰਦੀਆਂ ਵਿੱਚ ਅਕਸਰ ਜੁਕਾਮ, ਖੰਘ ਅਤੇ ਇੰਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਪਾਲਕ ਵਿੱਚ ਮੌਜੂਦ ਵਿਟਾਮਿਨ C ਅਤੇ ਐਂਟੀਓਕਸੀਡੈਂਟ ਸਰੀਰ ਦੀ ਰੋਗ-ਰੋਕੂ ਤਾਕਤ ਵਧਾਉਂਦੇ ਹਨ, ਜਿਸ ਨਾਲ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।

2. ਖੂਨ ਦੀ ਕਮੀ ਕਰਦੀ ਹੈ ਦੂਰ 
ਪਾਲਕ ਵਿੱਚ ਆਇਰਨ ਦੀ ਮਾਤਰਾ ਹੁੰਦੀ ਹੈ ਜੋ ਖੂਨ ਵਧਾਉਂਦੀ ਹੈ। ਜਿਹੜੇ ਲੋਕ ਅਨੀਮੀਆ ਨਾਲ ਪੀੜਤ ਹਨ, ਉਨ੍ਹਾਂ ਲਈ ਪਾਲਕ ਦਾ ਰੋਜ਼ਾਨਾ ਸੇਵਨ ਬਹੁਤ ਲਾਭਦਾਇਕ ਹੈ।

3. ਹੱਡੀਆਂ ਅਤੇ ਜੋੜਾਂ ਦੀ ਮਜ਼ਬੂਤੀ
ਸਰਦੀਆਂ ਵਿੱਚ ਜੋੜਾਂ ਦੇ ਦਰਦ ਅਤੇ ਹੱਡੀਆਂ ਦੀ ਕਮਜ਼ੋਰੀ ਆਮ ਗੱਲ ਹੈ। ਪਾਲਕ ਵਿੱਚ ਮੌਜੂਦ ਕੈਲਸ਼ੀਅਮ ਤੇ ਵਿਟਾਮਿਨ K ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਆਰਥਰਾਈਟਿਸ ਤੋਂ ਰਾਹਤ ਦਿੰਦੇ ਹਨ।

4. ਚਮਕਦਾਰ ਚਮੜੀ
ਪਾਲਕ ਦੇ ਪੋਸ਼ਕ ਤੱਤ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ ਅਤੇ ਉਸ ਦੀ ਚਮਕ ਕਾਇਮ ਰੱਖਦੇ ਹਨ। ਵਿਟਾਮਿਨ A ਅਤੇ C ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਵਾਲ ਝੜਨ ਦੀ ਸਮੱਸਿਆ ਘਟਦੀ ਹੈ।

5. ਪੇਟ ਸਾਫ਼ 
ਪਾਲਕ ਵਿੱਚ ਫਾਇਬਰ ਦੀ ਵਧੀਆ ਮਾਤਰਾ ਹੁੰਦੀ ਹੈ ਜੋ ਪਾਚਣ ਤੰਤਰ ਨੂੰ ਸੁਚਾਰੂ ਰੱਖਦੀ ਹੈ। ਇਹ ਕਬਜ਼ ਅਤੇ ਗੈਸ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ।

6. ਦਿਲ ਦੀ ਸਿਹਤ ਲਈ ਫਾਇਦੇਮੰਦ
ਪਾਲਕ ਕੋਲੈਸਟ੍ਰੋਲ ਲੈਵਲ ਨੂੰ ਕਾਬੂ ਵਿੱਚ ਰੱਖਦੀ ਹੈ ਅਤੇ ਖੂਨ ਵਿੱਚ ਚਰਬੀ ਦੀ ਮਾਤਰਾ ਘਟਾਉਂਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

7. ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ
ਪਾਲਕ ਵਿੱਚ ਮੌਜੂਦ ਲਿਊਟੀਨ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਹ ਨਜ਼ਰ ਨੂੰ ਠੀਕ ਰੱਖਦੇ ਹਨ ਤੇ ਉਮਰ ਨਾਲ ਆਉਣ ਵਾਲੀ ਅੱਖਾਂ ਦੀ ਕਮਜ਼ੋਰੀ ਤੋਂ ਬਚਾਉਂਦੇ ਹਨ।

ਕਿਵੇਂ ਖਾਈਏ ਪਾਲਕ

-ਪਾਲਕ ਦਾ ਸਾਗ ਤਿਆਰ ਕਰਕੇ ਮੱਕੀ ਦੀ ਰੋਟੀ ਨਾਲ ਖਾਓ।

-ਪਾਲਕ ਦਾ ਜੂਸ ਸਵੇਰੇ ਖਾਲੀ ਪੇਟ ਪੀਣਾ ਸਿਹਤ ਲਈ ਬਹੁਤ ਫਾਇਦਾਮੰਦ ਹੈ।

-ਪਾਲਕ ਨੂੰ ਸੂਪ, ਸਲਾਦ ਜਾਂ ਪਾਰਾਠੇ ਵਿੱਚ ਸ਼ਾਮਲ ਕਰ ਸਕਦੇ ਹੋ।

ਸਾਵਧਾਨੀ- 

ਪਾਲਕ ਵਿੱਚ ਆਕਸਾਲਿਕ ਐਸਿਡ ਹੁੰਦਾ ਹੈ ਜੋ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਗੁਰਦੇ ਦੀ ਸਮੱਸਿਆ ਵਾਲੇ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ।